ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)
ਰਾਮਕਲੀ ਮਹਲਾ ੫ ॥ ਜੋ ਤਿਸੁ ਭਾਵੈ ਸੋ ਥੀਆ ॥ ਸਦਾ ਸਦਾ ਹਰਿ ਕੀ ਸਰਣਾਈ ਪ੍ਰਭ ਬਿਨੁ ਨਾਹੀ ਆਨ ਬੀਆ ॥੧॥ ਰਹਾਉ ॥ ਪੁਤੁ ਕਲਤ੍ਰੁ ਲਖਿਮੀ ਦੀਸੈ ਇਨ ਮਹਿ ਕਿਛੂ ਨ ਸੰਗਿ ਲੀਆ॥ ਬਿਖੈ ਠਗਉਰੀ ਖਾਇ ਭੁਲਾਨਾ ਮਾਇਆ ਮੰਦਰੁ ਤਿਆਗਿ ਗਇਆ ॥੧॥ ਨਿੰਦਾ ਕਰਿ ਕਰਿ ਬਹੁਤੁ ਵਿਗੂਤਾ ਗਰਭ ਜੋਨਿ ਮਹਿ ਕਿਰਤਿ ਪਇਆ ॥ ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ ॥੨॥ ਬੋਲੈ ਝੂਠੁ ਕਮਾਵੈ ਅਵਰਾ ਤ੍ਰਿਸਨ ਨ ਬੂਝੈ ਬਹੁਤੁ ਹਇਆ ॥ ਅਸਾਧ ਰੋਗੁ ਉਪਜਿਆ ਸੰਤ ਦੂਖਨਿ ਦੇਹ ਬਿਨਾਸੀ ਮਹਾ ਖਇਆ ॥੩॥ਜਿਨਹਿ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਇਆ ॥ ਨਾਨਕ ਦਾਸ ਕੰਠਿ ਲਾਇ ਰਾਖੇ ਕਰਿ ਕਿਰਪਾ ਪਾਰਬ੍ਰਹਮ ਮਇਆ ॥੪॥੪੪॥੫੫॥ (ਅੰਗ ੯੦੦)
ਅਰਥ: ਹੇ ਭਾਈ! ਜੋ ਕੁਝ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਹੋ ਰਿਹਾ ਹੈ। (ਇਸ ਵਾਸਤੇ) ਸਦਾ ਹੀ ਉਸ ਪ੍ਰਭੂ ਦੀ ਸਰਨ ਪਿਆ ਰਹੁ। ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ (ਕੁਝ ਕਰਨ-ਜੋਗਾ) ਨਹੀਂ ਹੈ।੧।ਰਹਾਉ। ਹੇ ਭਾਈ! ਪੁੱਤਰ, ਇਸਤ੍ਰੀ, ਮਾਇਆ-ਇਹ ਜੋ ਕੁਝ ਦਿੱਸ ਰਿਹਾ ਹੈ, ਇਹਨਾਂ ਵਿਚੋਂ ਕੁਝ ਭੀ (ਅੰਤ ਵੇਲੇ ਜੀਵ) ਆਪਣੇ ਨਾਲ ਨਹੀਂ ਲੈ ਜਾਂਦਾ। ਵਿਸ਼ੇ-ਵਿਕਾਰਾਂ ਦੀ ਠਗਬੂਟੀ ਖਾ ਕੇ ਜੀਵ ਕੁਰਾਹੇ ਪਿਆ ਰਹਿੰਦਾ ਹੈ, ਆਖ਼ਰ ਇਹ ਮਾਇਆ, ਇਹ ਸੋਹਣਾ ਘਰ (ਸਭ ਕੁਝ) ਛੱਡ ਕੇ ਤੁਰ ਜਾਂਦਾ ਹੈ।੧।
ਹੇ ਭਾਈ! ਜੀਵ ਦੂਜਿਆਂ ਦੀ ਨਿੰਦਾ ਕਰ ਕਰ ਕੇ ਬਹੁਤ ਖ਼ੁਆਰ ਹੁੰਦਾ ਰਹਿੰਦਾ ਹੈ, ਤੇ ਆਪਣੇ ਇਸ ਕੀਤੇ ਅਨੁਸਾਰ ਜਨਮ ਮਰਨ ਦੇ ਗੇੜ ਵਿਚ ਜਾ ਪੈਂਦਾ ਹੈ। (ਇਹ ਆਮ ਅਸੂਲ ਦੀ ਗੱਲ ਹੈ ਕਿ) ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਜੀਵ ਨੂੰ ਛੱਡਦੇ ਨਹੀਂ ਹਨ, ਤੇ ਵੱਡਾ ਭਿਆਨਕ ਜਮਦੂਤ ਇਸ ਨੂੰ ਕਾਬੂ ਕਰੀ ਰੱਖਦਾ ਹੈ। (ਮਾਇਆ ਦੇ ਮੋਹ ਦੀ ਠਗਬੂਟੀ ਖਾ ਕੇ ਮਾਇਆ ਦੀ ਖ਼ਾਤਰ ਜੀਵ) ਝੂਠ ਬੋਲਦਾ ਹੈ (ਮੂੰਹੋਂ ਆਖਦਾ ਹੋਰ ਹੈ, ਤੇ) ਕਮਾਂਦਾ ਕੁਝ ਹੋਰ ਹੈ, ਇਸ ਦੀ ਮਾਇਆ ਦੀ ਤ੍ਰਿਸ਼ਨਾ ਬੁੱਝਦੀ ਨਹੀਂ, ਮਾਇਆ ਦੀ ‘ਹਾਇ ਹਾਇ’ ਸਦਾ ਇਸ ਨੂੰ ਲੱਗੀ ਰਹਿੰਦੀ ਹੈ।
ਸੰਤ ਜਨਾਂ ਦੀ ਨਿੰਦਾ ਕਰਨ ਦੇ ਕਾਰਨ (ਮਾਇਆ ਦੀ ਤ੍ਰਿਸ਼ਨਾ ਦਾ) ਲਾ-ਇਲਾਜ ਰੋਗ (ਜੀਵ ਦੇ ਅੰਦਰ) ਪੈਦਾ ਹੋ ਜਾਂਦਾ ਹੈ, ਇਸ ਵੱਡੇ ਖਈ ਰੋਗ ਦੇ ਵਿਚ ਹੀ ਇਸ ਦਾ ਸਰੀਰ ਨਾਸ ਹੋ ਜਾਂਦਾ ਹੈ।੩। (ਪਰ, ਹੇ ਭਾਈ! ਸੰਤ ਜਨਾਂ ਦੀ ਨਿੰਦਾ ਤੋਂ ਜੀਵ ਨੂੰ ਹਾਸਲ ਕੁਝ ਨਹੀਂ ਹੁੰਦਾ) ਪ੍ਰਭੂ ਨੇ ਆਪ ਹੀ ਸੰਤ ਜਨਾਂ ਨੂੰ ਜਿੱਤ ਦਾ ਮਾਲਕ ਬਣਾਇਆ ਹੁੰਦਾ ਹੈ, ਉਹਨਾਂ ਨੂੰ ਉਸੇ ਪ੍ਰਭੂ ਨੇ ਪੈਦਾ ਕੀਤਾ ਹੋਇਆ ਹੈ ਜਿਸ ਨੇ ਉਹਨਾਂ ਨੂੰ ਆਦਰ-ਸਤਕਾਰ ਦਿੱਤਾ ਹੋਇਆ ਹੈ। ਹੇ ਨਾਨਕ! ਪਰਮਾਤਮਾ ਮਿਹਰ ਕਰ ਕੇ ਦਇਆ ਕਰ ਕੇ ਆਪਣੇ ਦਾਸਾਂ ਨੂੰ ਆਪ ਹੀ ਆਪਣੇ ਗਲ ਨਾਲ ਲਾਈ ਰੱਖਦਾ ਹੈ।੪।੪੪।੫੫।