ਪੂਰੇ ਸਿਦਕ ਤੋਂ ਬਿਨਾ ਕੀਤੀ ਮਿਹਨਤ
ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ, ਹਾਸ-ਰਸ ਦੇ ਕੌਤਕਾਂ ਰਾਹੀਂ ਕਈ ਵਾਰੀ ਸਿੱਖਾਂ ਨੂੰ ਸਿੱਖੀ ਮਾਰਗ ਉੱਤੇ ਤੁਰਨ ਦੀ ਜਾਂਚ ਸਿਖਾਇਆ ਕਰਦੇ ਸਨ। ਅਨੰਦਪੁਰ ਸਾਹਿਬ ਵਿਖੇ ਇੱਕ ਕੌਤਕ ਦਾ ਜ਼ਿਕਰ ਹੈ। ਇਕ ਵਾਰੀ ਗੁਰੂ ਸਾਹਿਬ ਨੇ ਨੇੜਲੇ ਸੇਵਕਾਂ ਨੂੰ ਹੁਕਮ ਕੀਤੇ ਕਿ ਜਿਹੜੇ ਸਿੱਖ ਮਾਈ ਭਾਈ ਅਨੰਦਪੁਰ ਵਿੱਚ ਦਰਸ਼ਨ ਕਰਨ ਆਉਣ, ਉਹਨਾਂ ਨੂੰ ਆਖੀ ਚੱਲੋ ਕਿ ਸਾਡੀ ਆਗਿਆ ਤੋਂ ਬਿਨਾ ਕੋਈ ਸਿੱਖ ਆਪਣੇ ਘਰ ਨੂੰ ਵਾਪਸ ਨਾ ਜਾਏ।
ਇਸ ਹੁਕਮ ਦੇ ਚੱਲਦਿਆ ਕਈ ਸਿੱਖ ਕੁੱਝ ਦਿਨ ਅਨੰਦਪੁਰ ਸਾਹਿਬ ਵਿੱਚ ਹੀ ਰੁਕੇ ਰਹੇ ਪਰ ਕੰਮਾਂ-ਕਾਰਾਂ ਵਾਲੇ ਕਈ ਸੱਜਣ ਆਖ਼ਰ ਉਤਾਵਲੇ ਪੈਣ ਲੱਗ ਪਏ। ਜਾਣ ਦੀ ਆਗਿਆ ਲੈਣ ਲਈ ਕਿਸੇ ਵੀ ਸਿੱਖ ਨੇ ਗੁਰੂ ਸਾਹਿਬ ਕੋਲ ਜਾਣ ਦੀ ਹਿੰਮਤ ਨਾ ਕੀਤੀ।
ਫਿਰ ਕੁੱਝ ਸਿੱਖਾਂ ਨੇ ਰਲ ਕੇ ਇੱਕ ਵਿਓਂਤ ਸੋਚੀ। ਉਨ੍ਹਾਂ ਦੁਆਰਾ ਇਹ ਆਖ ਦਿੱਤਾ ਗਿਆ ਕਿ ਫਲਾਣਾ ਸਿੱਖ ਚੜਾਈ ਕਰ ਗਿਆ ਹੈ ਅਤੇ ਜਿਨ੍ਹਾਂ ਨੇ ਇਹ ਵਿਓਂਤ ਬਣਾਈ ਸੀ, ਉਹ ਉਸ ਦਾ ਸਸਕਾਰ ਕਰਨ ਲਈ ਉਸ ਨੂੰ ਫੱਟੇ ‘ਤੇ ਪਾ ਕੇ ਨਗਰੋਂ ਬਾਹਰ ਲੈ ਤੁਰੇ। ਸਤਿਗੁਰੂ ਜੀ ਇਹ ਸਭ ਦੇਖਦੇ ਰਹੇ ਅਤੇ ਉਹ ਇਸ ਕੌਤਕ ਦੇ ਨਤੀਜੇ ਦੀ ਉਡੀਕ ਵਿੱਚ ਸਨ। ਜਦੋਂ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਚੜ੍ਹਾਈ ਕਰ ਗਏ ਸਿੱਖ ਦਾ ਸਸਕਾਰ ਕਰਨ ਲਈ ਉਸ ਦੇ ਸਾਥੀ ਉਸ ਨੂੰ ਬਾਹਰ ਲੈ ਕੇ ਜਾ ਰਹੇ ਹਨ ਤਾਂ ਸਤਿਗੁਰੂ ਜੀ ਨੇ ਹੁਕਮ ਕੀਤਾ ਕਿ ਉਸ ਸਿੱਖ ਦਾ ਸਸਕਾਰ ਇੱਥੇ ਹੀ ਕੀਤਾ ਜਾਵੇਗਾ।
ਸਸਕਾਰ ਵਾਸਤੇ ਲੱਕੜਾਂ ਮੰਗਾਈਆਂ ਗਈਆਂ। ਚਿਖਾ ਤਿਆਰ ਹੋ ਗਈ। ਮੁਰਦਾ ਚਿਖਾ ਉੱਤੇ ਰੱਖਣ ਹੀ ਲੱਗੇ ਸਨ ਕਿ ਉਹ ਸਿੱਖ ਅਜਾਈ ਚੰਦਰੀ ਮੌਤ ਆਉਂਦੀ ਵੇਖ ਕੇ ਘਬਰਾ ਗਿਆ ਅਤੇ ਉੱਠ ਖਲੋਤਾ ਤੇ ਬੜੇ ਪਛਤਾਵੇ ਵਿੱਚ ਰੋ-ਰੋ ਕੇ ਸਤਿਗੁਰੂ ਜੀ ਦੇ ਚਰਨਾਂ ‘ਤੇ ਡਿੱਗ ਪਿਆ। ਇਸ ਦੇ ਨਾਲ ਹੀ ਉਸ ਦੇ ਸਾਥੀ ਵੀ ਬਹੁਤ ਪਛਤਾਏ ਤੇ ਰੋਏ।
ਕਿਸੇ ਸਿੱਖ ਨੇ ਸਤਿਗੁਰੂ ਜੀ ਪਾਸ ਬੇਨਤੀ ਕੀਤੀ ਤੇ ਪੁੱਛਿਆ ਕਿ ਪਾਤਿਸ਼ਾਹ! ਇਹ ਰੋਣ ਵਾਲੇ ਬਖ਼ਸ਼ੇ ਗਏ ਹਨ ਤਾਂ ਸਤਿਗੁਰੂ ਜੀ ਨੇ ਉੱਤਰ ਦਿੱਤਾ-ਕਿਸੇ ਪਿੰਡ ਵਿੱਚ ਜਦੋਂ ਕੋਈ ਪ੍ਰਾਣੀ ਮਰਦਾ ਹੈ ਤਾਂ ਪਿੰਡ ਦੀਆਂ ਸਾਰੀਆਂ ਜ਼ਨਾਨੀਆਂ ਰਲ ਕੇ ਰੋਂਦੀਆਂ ਹਨ। ਜੇ ਰੋਇਆਂ ਹੀ ਰੱਬ ਪ੍ਰਸੰਨ ਹੋ ਜਾਂਦਾ ਹੋਵੇ ਤਾਂ ਉਹ ਰੋਣ ਵਾਲੀਆਂ ਤ੍ਰੀਮਤਾਂ ਪ੍ਰਭੂ-ਦਰ ‘ਤੇ ਕਬੂਲ ਹੋ ਗਈਆਂ। ਜੇ ਪ੍ਰਭੂ ਸਿਰਫ਼ ਕੀਰਤਨ ਨਾਲ ਹੀ ਖ਼ੁਸ਼ ਹੋ ਜਾਂਦਾ ਹੋਵੇ ਤਾਂ ਤੋਤੇ ਕਬੂਤਰ ਹਰ ਵੇਲੇ ਹੀ ਇਹ ਕੰਮ ਕਰਦੇ ਹਨ। ਤੀਰਥ-ਇਸ਼ਨਾਨ ਕੁੱਝ ਸਵਾਰਦਾ ਹੋਵੇ ਤਾਂ ਡੱਡੂ ਹਰ ਵੇਲੇ ਪਾਣੀ ਵਿੱਚ ਨਹਾਉਂਦੇ ਹਨ। ਜੇ ਸਮਾਧੀ ਲਾਇਆ ਰੱਬ ਖ਼ੁਸ਼ ਹੁੰਦਾ ਹੋਵੇ, ਤਾਂ ਰੁੱਖ ਸਦਾ ਮੋਨ-ਧਾਰੀ ਹਨ। ਜੰਗਲ ਦਾ ਵਸੇਬਾ ਵੀ ਕੁੱਝ ਨਹੀਂ ਬਣਾਉਂਦਾ, ਬਾਂਦਰ ਹਰ ਵੇਲੇ ਜੰਗਲਾਂ ਵਿੱਚ ਹੀ ਰਹਿੰਦੇ ਹਨ। ਕੋਈ ਆਪਣੇ ਆਪ ਨੂੰ ਸਿੱਖ ਅਖਵਾਏ, ਕੋਈ ਪੰਡਿਤ ਅਖਵਾਏ, ਕੋਈ ਰਾਗੀ ਅਖਵਾਏ, ਪ੍ਰਭੂ-ਚਰਨਾਂ ਦੇ ਪਿਆਰ ਅਤੇ ਸ਼ਰਧਾ ਤੋਂ ਬਿਨਾ ਸਭ ਜੀਵਨ-ਬਾਜ਼ੀ ਹਾਰ ਕੇ ਜਾਂਦੇ ਹਨ।