ਚਲੀਹਾ ਕੱਟ ਰਹੇ ਇਕ ਸਾਧ ਦੀ ਸਾਖੀ
ਗੁਰੂ ਨਾਨਕ ਦੇਵ ਵੀ ਆਪਣੀ ‘ਤੀਜੀ ਉਦਾਸੀ’ ਤੋਂ ਵਾਪਸ ਆ ਰਹੇ ਸਨ ਤਾਂ ਹਸਨ ਅਬਦਾਲ ਤੋਂ ਹੁੰਦੇ ਹੋਏ ਜਿਹਲਮ ਦਰਿਆ ਕੋਲ ਪੁੱਜੇ। ਜਿੱਥੇ ਪਿੰਡਾਂ ਵਿੱਚੋਂ ਹੁੰਦੇ ਹੋਏ ਗੁਰੂ ਸਾਹਿਬ ਭਾਈ ਮਰਦਾਨੇ ਨਾਲ ‘ਡਿੰਗਾ’ ਨਗਰ ਜਾ ਅਪੜੇ। ਡਿੰਗਾ ਨਗਰ ਕੋਲ ਉਨ੍ਹਾਂ ਵੇਖਿਆ ਕਿ ਇਕ ਆਦਮੀ ਇਕ ਕੁਟੀਆ ਦੇ ਸਾਹਮਣੇ ਢੋਲ ਵਜਾ ਰਿਹਾ ਸੀ। ਗੁਰੂ ਸਾਹਿਬ ਦੇ ਪੁੱਛਣ ‘ਤੇ ਉਸ ਨੇ ਦੱਸਿਆ ਕਿ ਇਸ ਕੁਟੀਆ ਵਿੱਚ ਇਕ ਜੋਗੀ ਰਹਿੰਦਾ ਹੈ ਅਤੇ ਕੁਟੀਆ ਦੇ ਭੋਰੇ ਵਿਚ ਉਹ ਚਲੀਹਾ ਕੱਟ ਰਿਹਾ ਹੈ। ਜੋਗੀ ਨੇ ਦੱਸਿਆ ਕਿ ਚਾਲੀ ਦਿਨ ਜੋਗੀ ਅੰਨ ਨਹੀਂ ਖਾਂਦਾ। ਹੁਣ ਭਲਕੇ ਉਸ ਨੇ ਚਾਲੀ ਦਿਨ ਪੂਰੇ ਕਰ ਕੇ ਭੋਰੇ ਵਿੱਚੋਂ ਬਾਹਰ ਨਿਕਲਣਾ ਹੈ। ਲੋਕਾਂ ਨੂੰ ਇਹ ਖ਼ਬਰ ਦੇਣ ਲਈ ਮੈਂ ਢੋਲ ਵਜਾਣਾ ਸ਼ੁਰੂ ਕੀਤਾ ਹੈ। ਜਿਸ ਨਾਲ ਨਗਰ-ਨਿਵਾਸੀ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਜੋਗੀ ਦੇ ਦਰਸ਼ਨ ਕਰਨ ਲਈ ਆ ਇਕੱਠੇ ਹੋਣਗੇ। ਸਤਿਗੁਰੂ ਜੀ ਨੇ ਉਸ ਢੋਲ ਵਜਾਣ ਵਾਲੇ ਨੂੰ ਰੋਕ ਦਿੱਤਾ ਤੇ ਕਿਹਾ ਕਿ ਜਿਸ ਵੇਲੇ ਢੋਲ ਵਜਾਉਣ ਦੀ ਲੋੜ ਪਏਗੀ, ਤੈਨੂੰ ਤੇਰੇ ਘਰੋਂ ਅਸੀ ਸੱਦ ਲਵਾਂਗੇ । ਢੋਲ ਵਜਾਣ ਵਾਲਾ ਉਥੋਂ ਆਪਣੇ ਘਰ ਚਲਾ ਗਿਆ।ਅਗਲੇ ਦਿਨ ਚਲੀਹਾ ਕੱਟ ਕੇ ਜਦੋਂ ਜੋਗੀ ਭੋਰੇ ਵਿਚੋਂ ਬਾਹਰ ਨਿਕਲਿਆ ਤਾਂ ਉਸਨੇ ਬੜਾ ਹਾਹੁਕਾ ਲਿਆ ਤੇ ਗ਼ਸ਼ ਖਾ ਕੇ ਡਿੱਗ ਪਿਆ, ਕਿਉਂਕਿ ਢੋਲ ਨਾ ਵੱਜਣ ਕਰਕੇ ਜੋਗੀ ਦੇ ਦਰਸ਼ਨ ਕਰਨ ਲਈ ਕੋਈ ਵੀ ਵਿਅਕਤੀ ਓਥੇ ਨਾ ਪਹੁੰਚਿਆ। ਇਸ ਦੌਰਾਨ ਸਤਿਗੁਰੂ ਜੀ ਦੀ ਆਗਿਆ ਅਨੁਸਾਰ ਭਾਈ ਮਰਦਾਨਾ ਢੋਲ ਵਾਲੇ ਨੂੰ ਲੈ ਆਇਆ। ਢੋਲ ਵੱਜਿਆ, ਲੋਕ ਹੁੰਮ-ਹੁਮਾ ਕੇ ਕੁਟੀਆ ਕੋਲ ਆ ਪਹੁੰਚੇ ਅਤੇ ਜੋਗੀ ਨੂੰ ਵੀ ਹੋਸ਼ ਆ ਗਈ।ਚਾਰ-ਚੁਫੇਰੇ ਸ਼ਰਧਾਲੂਆਂ ਦੀ ਭੀੜ ਵੇਖ ਕੇ ਜੋਗੀ ਦਾ ਦਿਲ ਥਾਵੇਂ ਆਇਆ। ਫਿਰ ਗੁਰੂ ਨਾਨਕ ਦੇਵ ਜੀ ਨੇ ਜੋਗੀ ਨੂੰ ਉਸ ਦਾ ਭੁਲੇਖਾ ਸਮਝਾਇਆ ਕਿ ਤੈਨੂੰ ਰੋਟੀ ਦੀ ਥਾਂ ਲੋਕਾਂ ਦੀ ‘ਵਾਹ ਵਾਹ’ ਦੀ ਖ਼ੁਰਾਕ ਮਿਲ ਰਹੀ ਸੀ। ਇਹ ਚਲੀਹੇ ਕੱਟਣ ਦਾ ਆਤਮਿਕ ਲਾਭ ਤਾਂ ਕੋਈ ਨਾ ਹੋਇਆ। ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿੱਚ ਜੁੜਿਆ ਕਰ, ਤਾਂ ਕਿ ਆਤਮਾ ਉੱਚੀ ਹੋ ਕੇ ਚੇਲਿਆਂ ਤੇ ਸ਼ਰਧਾਲੂਆਂ ਦੀ ‘ਵਾਹ-ਵਾਹ’ ਵੱਲੋਂ ਬੇ-ਮੁਹਤਾਜ ਹੋ ਜਾਏ ਤੇ ‘ਹਉਮੈ’ ਤੋਂ ਖ਼ਲਾਸੀ ਹੋਵੇ। ਇਹ ‘ਹਉਮੈ’ ਪਰਮਾਤਮਾ ਨਾਲੋਂ ਵਿੱਥ ਪੁਆਈ ਜਾ ਰਹੀ ਹੈ ਤੇ ਚਲੀਹੇ ਵਾਲੀ ਖੇਚਲ ਵਿਅਰਥ ਚਲੀ ਜਾ ਰਹੀ ਹੈ।