ਸਿਦਕ

ਬਾਬਾ ਲਹਿਣਾ ਜੀ 28 ਸਾਲਾਂ ਦੀ ਉਮਰ ਵਿੱਚ ਸੰਨ 1532 ਵਿਚ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆਏ ਸਨ ਅਤੇ ਸੰਨ 1539 ਤਕ ਸੱਤ ਸਾਲ ਬੜੇ ਸਿਦਕ, ਬੜੀ ਸ਼ਰਧਾ ਨਾਲ ਗੁਰੂ ਪਾਤਿਸ਼ਾਹ ਦੀ ਸੇਵਾ ਕਰਦੇ ਰਹੇ। ਉਹਨਾਂ ਦੀਆਂ ਸਿਦਕ-ਸ਼ਰਧਾ ਦੀਆਂ ਸਾਖੀਆਂ ਬੜੀਆਂ ਅਸਚਰਜ ਹਨ। ਸੱਤ ਸਾਲਾਂ ਦੀਆਂ ਅਨੇਕਾਂ ਸਾਖੀਆਂ ਵਿੱਚੋਂ ਸਿੱਖ-ਇਤਿਹਾਸ ਨੇ ਸਾਡੇ ਤਕ ਸਿਰਫ਼ ਅੱਠ ਨੌ ਸਾਖੀਆਂ ਹੀ ਅਪੜਾਈਆਂ ਹਨ। ਉਹਨਾਂ ਵਿਚੋਂ ਕਿੱਕਰ ਉੱਤੇ ਮਠਿਆਈ ਕੇਰਨ ਦੀ ਖ਼ਾਤਰ ਚੜ੍ਹਨ ਵਾਲੀ ਸਾਖੀ ਤਾਂ ਬੜੀ ਹੀ ਹੈਰਾਨ ਕਰਨ ਵਾਲੀ ਹੈ। ਇਕ ਵਾਰ ਕਰਤਾਰਪੁਰ ਬੜੀ ਵਰਖਾ ਹੋਈ, ਤਿੰਨ ਦਿਨ ਇਕ-ਸਾਰ ਹੀ ਹੁੰਦੀ ਰਹੀ। ਗੁਰੂ ਕੇ ਲੰਗਰ ਦਾ ਸਾਰਾ ਬਾਲਣ ਭਿੱਜ ਗਿਆ। ਮੀਂਹ ਹਟਣ ‘ਤੇ ਗੁਰੂ ਨਾਨਕ ਦੇਵ ਜੀ ਸੰਗਤ ਸਮੇਤ ਦਰਿਆ-ਕੰਢੇ ਬਾਹਰ ਖੁਲ੍ਹੇ ਥਾਂ ਚਲੇ ਗਏ। ਲੰਗਰ ਦੀ ਸੇਵਾ ਕਰਨ ਵਾਲੇ ਪ੍ਰੇਮੀਆਂ ਨੇ ਆ ਕੇ ਬੇਨਤੀ ਕੀਤੀ ਕਿ ਗਿੱਲੇ ਬਾਲਣ ਨਾਲ ਲੰਗਰ ਤਿਆਰ ਨਹੀਂ ਹੋ ਸਕਿਆ। ਸੰਗਤਾਂ ਨੂੰ ਬਹੁਤ ਔਖਿਆਈ ਹੋ ਰਹੀ ਹੈ।

ਇਤਿਹਾਸ ਲਿਖਦਾ ਹੈ ਕਿ ਸਤਿਗੁਰੂ ਜੀ ਨੇ ਆਪਣੇ ਪੁੱਤਰਾਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਨੂੰ ਆਖਿਆ, ਕਿੱਕਰ ਉੱਤੇ ਚੜ੍ਹ ਕੇ ਹਲੂਣੇ ਦਿਉ ਤੇ ਉੱਤੋਂ ਸੰਗਤਾਂ ਵਾਸਤੇ ਮਠਿਆਈ ਆਦਿ ਪਦਾਰਥ ਖਾਣ ਲਈ ਡੇਗੋ। ਪਰ ਸਾਹਿਬਜ਼ਾਦਿਆਂ ਨੇ ਇਹ ਆਖ ਕੇ ‘ਨਾਂਹ’ ਕਰ ਦਿੱਤੀ ਕਿ ਕਦੇ ਕਿੱਕਰਾਂ ਤੋਂ ਵੀ ਪਕਵਾਨ ਡਿੱਗ ਸਕਦੇ ਹਨ। ਇਸ ਮਗਰੋਂ ਗੁਰੂ ਸਾਹਿਬ ਨੇ ਬਾਬਾ ਲਹਿਣਾ ਜੀ ਵੱਲ ਤੱਕਿਆ ਤਾਂ ਬਾਬਾ ਲਹਿਣਾ ਜੀ ਬਿਨਾ ਰੁਕੇ ਝੱਟ ਹੀ ਉਸੇ ਵੇਲੇ ਕਿੱਕਰ ਉਪਰ ਚੜ੍ਹ ਗਏ।ਇਸ ਦੌਰਾਨ ਉਨ੍ਹਾਂ ਨੇ ਜਦੋਂ ਕਿੱਕਰ ਨੂੰ ਹਿਲਾਇਆ ਤਾਂ ਕਿੱਕਰ ਤੋਂ ਮਠਿਆਈਆਂ, ਫਲ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਡਿੱਗਣ ਲੱਗ ਪਈਆਂ।

ਸਾਰੀ ਸੰਗਤ ਨੇ ਰੱਜ ਕੇ ਪਕਵਾਨਾਂ ਨੂੰ ਛਕਿਆ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕੀਤਾ। ਇਹ ਸਭ ਵੇਖ ਕੇ ਬਾਬਾ ਲਹਿਣਾ ਜੀ ਸਿੱਧਾ ਜਾ ਕੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ’ਚ ਜਾ ਬਿਰਾਜੇ ਤੇ ਓਹਨਾਂ ਦੇ ਸ਼ਰਨੀ ਲੱਗ ਗਏ।

** ਪੂਰਨ ਸਿਦਕ ਔਖੀ ਖੇਡ **

ਕਿੱਕਰ ਉਤੇ ਚੜ੍ਹਨ ਵਿੱਚ ਔਖਿਆਈ ਨਹੀਂ ਸੀ। ਇਹ ਯਕੀਨ ਲਿਆਉਣਾ ਔਖਾ ਕੰਮ ਸੀ ਕਿ ਕਿੱਕਰ ਹਿਲੂਣਿਆਂ ਉਤੋਂ ਮਠਿਆਈ ਡਿੱਗੇਗੀ। ਹਜ਼ਰਤ ਈਸਾ ਦੇ ਜੀਵਨ ਵਿੱਚ ਇਕ ਸਾਖੀ ਆਉਂਦੀ ਹੈ ਕਿ ਇਕ ਵਾਰੀ ਉਹਨਾਂ ਦੇ ਬਾਰ੍ਹਾਂ ਸ਼ਾਗਿਰਦ ਇੱਕ ਛੋਟੇ ਜਿਹੇ ਸਮੁੰਦਰ ਵਿੱਚ ਇਕ ਜਹਾਜ਼ ਵਿੱਚ ਬੈਠੇ ਹਜ਼ਰਤ ਈਸਾ ਦੀ ਉਡੀਕ ਕਰ ਰਹੇ ਸਨ। ਚੌਖਾ ਹਨੇਰਾ ਹੋ ਗਿਆ। ਇਕ ਸ਼ਾਗਿਰਦ ਨੂੰ ਇਉਂ ਜਾਪਿਆ ਕਿ ਹਜ਼ਰਤ ਸਮੁੰਦਰ ਦੇ ਪਾਣੀ ਉੱਤੇ ਤੁਰਦੇ ਆ ਰਹੇ ਹਨ। ਜਦੋਂ ਉਹ ਨੇੜੇ ਆ ਗਏ ਤਾਂ ਉਸ ਸ਼ਾਗਿਰਦ ਨੇ ਵੀ ਪਾਣੀ ਉੱਤੇ ਤੁਰਨ ਦੀ ਆਗਿਆ ਮੰਗੀ। ਹਜ਼ਰਤ ਸਾਹਿਬ ਨੇ ਉੱਤਰ ਦਿੱਤਾ ਕਿ ਜੇ ਯਕੀਨ ਹੈ ਤਾਂ ਉਤਰ ਆਓ। ਉਹ ਸ਼ਾਗਿਰਦ ਪਾਣੀ ਉੱਤੇ ਤੁਰਨ ਲਈ ਬੜੇ ਚਾਅ ਨਾਲ ਉਤਰ ਤਾਂ ਆਇਆ, ਪਰ ਪਾਣੀ ਉੱਤੇ ਪੈਰ ਰੱਖਦਿਆਂ ਹੀ ਉਸ ਨੂੰ ਸ਼ੱਕ ਉੱਠਿਆ ਕਿ ਕਿਤੇ ਡੁੱਬ ਨਾ ਜਾਵਾਂ। ਇਹ ਸ਼ੱਕ ਪੈਂਦਿਆਂ ਹੀ ਉਹ ਡੁੱਬਣ ਲੱਗਾ ਤਾਂ ਹਜ਼ਰਤ ਈਸਾ ਨੇ ਸਿਰੋਂ ਫੜ ਕੇ ਉਸ ਨੂੰ ਬਚਾ ਲਿਆ ਅਤੇ ਆਖਿਆ ਕਿ ਜੇ ਮੇਰੇ ਲਫ਼ਜ਼ਾਂ ਉੱਤੇ ਯਕੀਨ ਨਹੀਂ ਸੀ ਤਾਂ ਪਾਣੀ ਵਿਚ ਕਿਉਂ ਉਤਰਨਾ ਸੀ।ਯਕੀਨ ਨਾਲ ਸਭ ਕੁੱਝ ਜਿੱਤਿਆ ਜਾ ਸਕਦਾ ਹੈ। ਜੇ ਪਰਮਾਤਮਾ ’ਚ ਵਿਸ਼ਵਾਸ਼ ਹੈ ਤਾਂ ਸਭ ਕੁੱਝ ਸੰਭਵ ਹੈ।

0 Comment

Leave a Reply

Your email address will not be published. Required fields are marked *