ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ
ਅੱਜ ਦੀਨ ਦੁਨੀਆ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ। ਸਮੂਹ ਸਿੱਖ ਸੰਗਤ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਇਸ ਮਹਾਨ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਨਮ ਸੰਨ 1656 ਈ. ਨੂੰ ਕੀਰਤਪੁਰ ਸਾਹਿਬ ਦੀ ਪਵਿੱਤਰ ਨਗਰੀ ਵਿਖੇ ਹੋਇਆ।ਆਪ ਜੀ ਦੇ ਪਿਤਾ ਗੁਰੂ ਹਰਿਰਾਏ ਸਾਹਿਬ, ਜੋ ਬਾਬਾ ਗੁਰਦਿੱਤਾ ਜੀ ਦੇ ਬੇਟੇ ਅਤੇ ਸਿੱਖ ਧਰਮ ਦੇ ਸੱਤਵੇਂ ਗੁਰੂ ਸਾਹਿਬ ਹਨ। ਕਿਹਾ ਜਾਂਦਾ ਹੈ ਕਿ ਸਤਿਗੁਰਾਂ ਜੀ ਦੇ ਪਾਵਨ ਆਗਮਨ ਨੇ ਪੂਰੀ ਕਾਇਨਾਤ ਨੂੰ ਆਪਣੀਆਂ ਪਾਵਨ ਬਖਸ਼ਿਸ਼ਾਂ ਦੇ ਨਾਲ ਨਿਵਾਜਿਆ। ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਹਿਰਦਾ ਬਹੁਤ ਹੀ ਕੋਮਲ ਸੀ। ਆਪ ਜੀ ਦਾ ਬਚਪਨ ਪਿਤਾ ਗੁਰੂ ਹਰਿਰਾਏ ਸਾਹਿਬ ਜੀ ਦੀ ਨਿਗਰਾਨੀ ਵਿੱਚ ਬੀਤਿਆ। ਆਪ ਜੀ ਦੀ ਸ਼ਖ਼ਸੀਅਤ ’ਤੇ ਆਪ ਜੀ ਦੇ ਪਿਤਾ ਜੀ ਦਾ ਪ੍ਰਭਾਵ ਬਹੁਤ ਜਿਆਦਾ ਸੀ। ਆਪ ਆਪਣੇ ਹੱਥੀ ਆਈ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਵਿੱਚ ਲੱਗੇ ਰਹਿੰਦੇ।
ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕੀਤੀ। ਉਸ ਸਮੇਂ ਆਪ ਜੀ ਦੀ ਉਮਰ ਕੇਵਲ 5 ਸਾਲ ਸੀ। ਗੁਰੂ ਸਾਹਿਬ ਦੇ ਕੋਮਲ ਹਿਰਦੇ ਨੂੰ ਵੇਖਦਿਆਂ, ਭਜਨ ਬੰਦਗੀ ਤੇ ਸੇਵਾ ਸਿਮਰਨ ਦੇ ਪ੍ਰਤਾਪ ਨੂੰ ਵੇਖਦਿਆਂ ਇਹਨਾਂ ਤੇ ਬਹੁਤ ਵੱਡੀ ਬਖਸ਼ਿਸ਼ ਕੀਤੀ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਸਾਨੂੰ ਸਿਖਾਉਂਦਾ ਕਿ ਕਿਸ ਤਰ੍ਹਾਂ ਸੰਸਾਰ ਦੇ ਅੰਦਰ ਨਿਰਭੈਤਾ ਦੇ ਨਾਲ ਵਿਚਰਨਾ ਹੈ ਅਤੇ ਰੱਬੀ ਭੈ ਦੇ ਵਿੱਚ ਵਿਚਰਨਾ ਹੈ। ਦੁਨੀਆ ਵੱਲੋਂ ਪਹਿਰਤ ਹੋਣਾ ਤੇ ਉਸ ਅਕਾਲ ਪੁਰਖ ਦੇ ਭੈ ਦੇ ਵਿੱਚ ਵਿਚਰਦਿਆਂ ਆਪਣਾ ਜੀਵਨ ਜਿਉਣਾ ਹੈ। ਇਹ ਮਹਾਨ ਧੰਨ ਗੁਰੂ ਹਰਿ ਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿੱਥੇ ਆਪਣੇ ਮੁਖਾਰਬਿੰਦ ਤੋਂ ਸਿੱਖਾਂ ਸੇਵਕਾਂ ਨੂੰ ਮਹਾਨ ਉਪਦੇਸ਼ ਦਿਆ ਕਰਦੇ ਸਨ ਉੱਥੇ ਉਹਨਾਂ ਦੇ ਦੁੱਖ ਦਰਦ ਨੂੰ ਸਮਝਣਾ ਉਹਨਾਂ ਦੇ ਦੁੱਖਾਂ ਦਰਦਾਂ ਦੇ ਵਿੱਚ ਸਹਾਈ ਹੋਣਾ ਉਹਨਾਂ ਦਾ ਮੁੱਢਲਾ ਉਦੇਸ਼ ਸੀ।
ਸ੍ਰੀ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਾਣੀ ਅਤੇ ਸੇਵਾ ਸਿਮਰਨ ਦਾ ਉਪਦੇਸ਼ ਦਿੱਤਾ। ਆਖਰ ਦਿੱਲੀ ਦੇ ਵਿੱਚ ਹੀ 1664 ਈ. ਦੇ ਵਿੱਚ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕਰਕੇ ਜੋਤੀ-ਜੋਤ ਸਮਾ ਗਏ।