ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama from Sachkhand Sri Harimandir Sahib)

ਸਲੋਕ ਮ:੫ ॥ ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥ ਤਉ ਸਹ ਚਰਣੀ ਮੈਡਾ ਹੀਅੜਾ ਸੀਤਮੁ ਹਰਿ ਨਾਨਕ ਤੁਲਹਾ ਬੇੜੀ ॥੧॥ ਮ: ੫ ॥ ਜਿਨ੍ਹ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥ ਹਉ ਢੂਢੇਦੀ ਜਗੁ ਸਬਾਇਆ ਜਨ ਨਾਨਕ ਵਿਰਲੇ ਕੇਈ ॥੨॥ ਪਉੜੀ ॥ ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥ ਮਨ ਕੀ ਕਟੀਐ ਮੈਲੁ ਸਾਧਸੰਗਿ ਵੁਠਿਆ ॥ ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥ ਬੰਧਨ ਖੋਲਨ੍ਹ੍ਹਿ ਸੰਤ ਦੂਤ ਸਭਿ ਜਾਹਿ ਛਪਿ ॥ ਤਿਸੁ ਸਿਉ ਲਾਇਨ੍ਹ੍ਹਿ ਰੰਗੁ ਜਿਸ ਦੀ ਸਭ ਧਾਰੀਆ ॥ ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆ ॥ ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥ ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥੯॥ (ਅੰਗ ੫੨੦)

ਅਰਥ: (ਸੰਸਾਰ-) ਨਦੀ ਵਿਚ ਤਰਦੀ ਦਾ ਮੇਰਾ ਪੈਰ (ਮੋਹ ਦੇ ਚਿੱਕੜ ਵਿਚ) ਨਹੀਂ ਖੁੱਭਦਾ,ਕਿਉਂਕਿ ਮੇਰੇ ਹਿਰਦੇ ਵਿਚ ਤੇਰੀ ਪ੍ਰੀਤ ਹੈ। ਹੇ ਪਤੀ (ਪ੍ਰਭੂ)! ਮੈਂ ਆਪਣਾ ਇਹ ਨਿਮਾਣਾ ਜਿਹਾ ਦਿਲ ਤੇਰੇ ਚਰਨਾਂ ਵਿਚ ਪ੍ਰੋ ਲਿਆ ਹੈ, ਹੇ ਹਰੀ! (ਸੰਸਾਰ-ਸਮੁੰਦਰ ਵਿਚੋਂ ਤਰਨ ਲਈ, ਤੂੰ ਹੀ) ਨਾਨਕ ਦਾ ਤੁਲ੍ਹਾ ਹੈਂ ਤੇ ਬੇੜੀ ਹੈਂ ॥੧॥ ਸਾਡੇ (ਅਸਲ) ਮਿੱਤਰ ਉਹੀ ਮਨੁੱਖ ਹਨ ਜਿਨ੍ਹਾਂ ਦਾ ਦੀਦਾਰ ਹੋਇਆਂ ਭੈੜੀ ਮੱਤ ਦੂਰ ਹੋ ਜਾਂਦੀ ਹੈ, ਪਰ, ਗੁਰੂ ਨਾਨਕ ਜੀ ਆਪ ਨੂੰ ਕਹਿੰਦੇ ਹਨ, ਹੇ ਦਾਸ ਨਾਨਕ! ਮੈਂ ਸਾਰਾ ਜਗਤ ਭਾਲ ਵੇਖਿਆ ਹੈ, ਕੋਈ ਵਿਰਲੇ (ਅਜੇਹੇ ਮਨੁੱਖ ਮਿਲਦੇ ਹਨ) ॥੨॥ (ਹੇ ਪ੍ਰਭੂ!) ਤੇਰੇ ਭਗਤਾਂ ਦੇ ਦਰਸ਼ਨ ਕੀਤਿਆਂ ਤੂੰ ਮਾਲਕ ਅਸਾਡੇ ਮਨ ਵਿਚ ਆ ਵੱਸਦਾ ਹੈਂ। ਸਾਧ ਸੰਗਤ ਵਿਚ ਅੱਪੜਿਆਂ ਮਨ ਦੀ ਮੈਲ ਕੱਟੀ ਜਾਂਦੀ ਹੈ, ਤੇ ਫਿਰ ਸਿਫ਼ਤ-ਸਾਲਾਹ ਦੀ ਬਾਣੀ ਪੜ੍ਹਿਆਂ ਸੇਵਕ ਦਾ ਜਨਮ ਮਰਨ ਦਾ (ਭਾਵ, ਸਾਰੀ ਉਮਰ ਦਾ) ਡਰ ਕੱਟਿਆ ਜਾਂਦਾ ਹੈ। ਕਿਉਂਕਿ ਸੰਤ (ਜਿਸ ਮਨੁੱਖ ਦੇ ਮਾਇਆ ਵਾਲੇ) ਬੰਧਨ ਖੋਲ੍ਹਦੇ ਹਨ (ਉਸ ਦੇ ਵਿਕਾਰ ਰੂਪ) ਸਾਰੇ ਜਿੰਨ ਭੂਤ ਲੁਕ ਜਾਂਦੇ ਹਨ। ਇਹ ਸਾਰੀ ਸ੍ਰਿਸ਼ਟੀ ਜਿਸ ਪ੍ਰਭੂ ਦੀ ਟਿਕਾਈ ਹੋਈ ਹੈ, ਜਿਸ ਦਾ ਅਸਥਾਨ ਸਭ ਤੋਂ ਉੱਚਾ ਹੈ, ਜੋ ਅਪਹੁੰਚ ਤੇ ਬੇਅੰਤ ਹੈ, ਸੰਤ ਉਸ ਪਰਮਾਤਮਾ ਨਾਲ (ਅਸਾਡਾ) ਪਿਆਰ ਜੋੜ ਦੇਂਦੇ ਹਨ। ਦਿਨ ਰਾਤਿ ਸੁਆਸ ਸੁਆਸ ਹੱਥ ਜੋੜ ਕੇ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ। ਜਦੋਂ ਪ੍ਰਭੂ ਆਪ ਹੀ ਦਿਆਲ ਹੁੰਦਾ ਹੈ ਤਾਂ ਉਸ ਦੇ ਭਗਤਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ॥੯॥

0 Comment

Leave a Reply

Your email address will not be published. Required fields are marked *