ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)
ਸਲੋਕ ॥ ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥ ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥੧॥ ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ ॥ ਨਾਨਕ ਸਚੀ ਰੀਤਿ ਸਾਂਈ ਸੇਤੀ ਰਤਿਆ ॥੨॥ ਪਉੜੀ ॥ ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥ ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ ॥ ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ ॥ ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ ॥ ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ ॥੪॥ (ਅੰਗ ੭੦੬)
ਅਰਥ: ਸਲੋਕ ॥ ਮਨੁੱਖ ਆਪਣੇ ਟੱਬਰ ਵਾਸਤੇ ਕਈ ਕੋਸ਼ਿਸ਼ਾਂ ਕਰਦੇ ਹਨ, ਮਾਇਆ ਦੀ ਖ਼ਾਤਰ ਅਨੇਕਾਂ ਆਹਰ ਕਰਦੇ ਹਨ, ਪਰ ਪ੍ਰਭੂ ਦੀ ਭਗਤੀ ਦੀ ਤਾਂਘ ਤੋਂ ਸੱਖਣੇ ਰਹਿੰਦੇ ਹਨ, ਤੇ ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਵਿਸਾਰਦੇ ਹਨ ਉਹ (ਮਾਨੋ) ਜਿੰਨ ਭੂਤ ਹਨ ।੧। ਜੇਹੜੀ ਪ੍ਰੀਤਿ (ਪ੍ਰਭੂ ਤੋਂ ਬਿਨਾ) ਕਿਸੇ ਹੋਰ ਨਾਲ ਲਾਈਦੀ ਹੈ, ਉਹ ਆਖ਼ਰ ਟੁੱਟ ਜਾਂਦੀ ਹੈ । ਪਰ, ਹੇ ਨਾਨਕ! ਜੇ ਸਾਈਂ ਪ੍ਰਭੂ ਨਾਲ ਰੱਤੇ ਰਹੀਏ, ਤਾਂ ਇਹੋ ਜਿਹੀ ਜੀਵਨ-ਜੁਗਤਿ ਸਦਾ ਕਾਇਮ ਰਹਿੰਦੀ ਹੈ ।੨। ਪਉੜੀ ॥ ਜਿਸ ਜਿੰਦ ਦੇ ਵਿਛੁੜਨ ਨਾਲ (ਮਨੁੱਖ ਦਾ) ਸਰੀਰ ਸੁਆਹ ਹੋ ਜਾਂਦਾ ਹੈ, ਸਾਰੇ ਲੋਕ (ਉਸ ਸਰੀਰ) ਨੂੰ ਅਪਵਿੱਤ੍ਰ ਆਖਣ ਲੱਗ ਪੈਂਦੇ ਹਨ; ਜਿਨ੍ਹਾਂ ਸਨਬੰਧੀਆਂ ਨਾਲ ਇਤਨਾ ਪਿਆਰ ਹੁੰਦਾ ਹੈ, ਉਹ ਇਕ ਪਲਕ ਲਈ ਭੀ ਘਰ ਵਿਚ ਰਹਿਣ ਨਹੀਂ ਦੇਂਦੇ । ਪਾਪ ਕਰ ਕਰ ਕੇ ਧਨ ਇਕੱਠਾ ਕਰਦਾ ਰਿਹਾ, ਪਰ ਉਸ ਜਿੰਦ ਦੇ ਕਿਸੇ ਕੰਮ ਨਾਹ ਆਇਆ । ਇਹ ਸਰੀਰ (ਕੀਤੇ) ਕਰਮਾਂ ਦੀ (ਮਾਨੋ) ਪੈਲੀ ਹੈ (ਇਸ ਵਿਚ) ਜਿਹੋ ਜਿਹਾ (ਕਰਮ-ਰੂਪ ਬੀਜ ਕੋਈ) ਬੀਜਦਾ ਹੈ ਉਹੀ ਵੱਢਦਾ ਹੈ । ਜੋ ਮਨੁੱਖ (ਪ੍ਰਭੂ ਦੇ) ਕੀਤੇ (ਉਪਕਾਰਾਂ) ਨੂੰ ਭੁਲਾਉਂਦੇ ਹਨ ਉਹ ਉਸ ਨੂੰ ਵਿਸਾਰ ਦੇਂਦੇ ਹਨ (ਆਖ਼ਰ) ਜੂਨਾਂ ਵਿਚ ਭਟਕਦੇ ਹਨ ।੪।