ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥ ਮਃ ੩ ॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥ (ਅੰਗ ੫੦੮)

ਅਰਥ: ਰਾਗ ਗੂਜਰੀ ਵਿੱਚ, ਗੁਰੂ ਅਮਰਦਾਸ ਜੀ ਦੀ ਬਾਣੀ ‘ਵਾਰ’, ਇਸ ਨੂੰ ਸਿਕੰਦਰ ਬਿਰਾਹਿਮ ਦੀ ‘ਵਾਰ’ ਦੀ ਧੁਨ ਨਾਲ ਗਾਉਣਾ ਹੈ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਲੋਕ ਗੁਰੂ ਅਮਰਦਾਸ ਜੀ ਦਾ।ਇਹ ਜਗਤ ਅਣਪੱਤ (ਇਹ ਚੀਜ਼ ‘ਮੇਰੀ’ ਬਣ ਜਾਏ, ਇਹ ਚੀਜ਼ ‘ਮੇਰੀ’ ਹੋ ਜਾਏ) ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ। ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ। ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥ ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਤੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ, ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ ਤੇ ਨਾਮ ਨਹੀ ਜਪਦੇ, ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥

0 Comment

Leave a Reply

Your email address will not be published. Required fields are marked *