ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸਲੋਕ ਮਃ ੨ ॥ ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥ ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥ ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥ ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥੧॥ ਮਃ ੨ ॥ ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥ ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥ ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥ ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥੨॥ ਮਃ ੨ ॥ ਸੋ ਕਿਉ ਅੰਧਾ ਆਖੀਐ ਜਿ ਹੁਕਮਹੁ ਅੰਧਾ ਹੋਇ ॥ ਨਾਨਕ ਹੁਕਮੁ ਨ ਬੁਝਈ ਅੰਧਾ ਕਹੀਐ ਸੋਇ ॥੩॥ ਪਉੜੀ ॥ ਕਾਇਆ ਅੰਦਰਿ ਗੜੁ ਕੋਟੁ ਹੈ ਸਭਿ ਦਿਸੰਤਰ ਦੇਸਾ ॥ ਆਪੇ ਤਾੜੀ ਲਾਈਅਨੁ ਸਭ ਮਹਿ ਪਰਵੇਸਾ ॥ ਆਪੇ ਸ੍ਰਿਸਟਿ ਸਾਜੀਅਨੁ ਆਪਿ ਗੁਪਤੁ ਰਖੇਸਾ ॥ ਗੁਰ ਸੇਵਾ ਤੇ ਜਾਣਿਆ ਸਚੁ ਪਰਗਟੀਏਸਾ ॥ ਸਭੁ ਕਿਛੁ ਸਚੋ ਸਚੁ ਹੈ ਗੁਰਿ ਸੋਝੀ ਪਾਈ ॥੧੬॥ (ਅੰਗ ੯੫੪)

ਅਰਥ: ਜੇ ਕੋਈ ਅੰਨ੍ਹਾ ਮਨੁੱਖ (ਕਿਸੇ ਹੋਰ ਨੂੰ) ਰਾਹ ਦੱਸੇ ਤਾਂ (ਉਸ ਰਾਹ ਉਤੇ) ਉਹੀ ਤੁਰਦਾ ਹੈ ਜੋ ਆਪ ਅੰਨ੍ਹਾ ਹੋਵੇ; ਹੇ ਨਾਨਕ! ਸੁਜਾਖਾ ਮਨੁੱਖ (ਅੰਨ੍ਹੇ ਦੇ ਆਖੇ) ਕੁਰਾਹੇ ਨਹੀਂ ਪੈਂਦਾ । (ਪਰ ਆਤਮਕ ਜੀਵਨ ਵਿਚ) ਇਹੋ ਜਿਹੇ ਬੰਦਿਆਂ ਨੂੰ ਅੰਨ੍ਹੇ ਨਹੀਂ ਕਹੀਦਾ ਜਿਨ੍ਹਾਂ ਦੇ ਮੂੰਹ ਉਤੇ ਅੱਖਾਂ ਨਹੀਂ ਹਨ, ਹੇ ਨਾਨਕ! ਅੰਨ੍ਹੇ ਉਹੀ ਹਨ ਜੋ ਮਾਲਕ-ਪ੍ਰਭੂ ਤੋਂ ਖੁੰਝੇ ਜਾ ਰਹੇ ਹਨ ।੧।ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਪ ਅੰਨ੍ਹਾ ਕਰ ਦਿੱਤਾ ਹੈ ਉਹ ਤਾਂ ਹੀ ਸੁਜਾਖਾ ਹੋ ਸਕਦਾ ਹੈ ਜੇ ਪ੍ਰਭੂ ਆਪ (ਸੁਜਾਖਾ) ਬਣਾਏ, (ਨਹੀਂ ਤਾਂ, ਅੰਨ੍ਹਾ ਮਨੁੱਖ ਤਾਂ) ਜਿਹੋ ਜਿਹੀ ਸਮਝ ਰੱਖਦਾ ਹੈ ਉਸੇ ਤਰ੍ਹਾਂ ਕਰੀ ਜਾਂਦਾ ਹੈ ਭਾਵੇਂ ਉਸ ਨੂੰ ਕੋਈ ਸੌ ਵਾਰੀ ਸਮਝਾਏ । ਜਿਸ ਮਨੁੱਖ ਦੇ ਅੰਦਰ ‘ਨਾਮ’-ਰੂਪ ਪਦਾਰਥ ਦੀ ਸੋਝੀ ਨਹੀਂ ਓਥੇ ਆਪਾ-ਭਾਵ ਦੀ ਵਰਤੋਂ ਹੋ ਰਹੀ ਸਮਝੋ, (ਕਿਉਂਕਿ) ਹੇ ਨਾਨਕ! ਗਾਹਕ ਜਿਸ ਸਉਦੇ ਨੂੰ ਪਛਾਣ ਹੀ ਨਹੀਂ ਸਕਦਾ ਉਸ ਨੂੰ ਉਹ ਵਿਹਾਵੇ ਕਿਵੇਂ? ।੨।ਜੋ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਨੇਤ੍ਰ-ਹੀਣ ਹੋ ਗਿਆ ਉਸ ਨੂੰ ਅਸੀਂ ਅੰਨ੍ਹਾ ਨਹੀਂ ਆਖਦੇ, ਹੇ ਨਾਨਕ! ਉਹ ਮਨੁੱਖ ਅੰਨ੍ਹਾ ਕਿਹਾ ਜਾਂਦਾ ਹੈ ਜੋ ਰਜ਼ਾ ਨੂੰ ਸਮਝਦਾ ਨਹੀਂ ।੩।(ਮਨੁੱਖਾ-) ਸਰੀਰ ਦੇ ਅੰਦਰ (ਮਨੁੱਖ ਦਾ ਹਿਰਦਾ-ਰੂਪ) ਜਿਸ ਪ੍ਰਭੂ ਦਾ ਕਿਲ੍ਹਾ ਹੈ ਗੜ੍ਹ ਹੈ ਉਹ ਪ੍ਰਭੂ ਸਾਰੇ ਦੇਸ ਦੇਸਾਂਤਰਾਂ ਵਿਚ ਮੌਜੂਦ ਹੈ, ਸਾਰੇ ਜੀਵਾਂ ਦੇ ਅੰਦਰ ਪਰਵੇਸ਼ ਕਰ ਕੇ ਉਸ ਨੇ ਆਪ ਹੀ (ਜੀਵਾਂ ਦੇ ਅੰਦਰ) ਤਾੜੀ ਲਾਈ ਹੋਈ ਹੈ (ਉਹ ਆਪ ਹੀ ਜੀਵਾਂ ਦੇ ਅੰਦਰ ਟਿਕਿਆ ਹੋਇਆ ਹੈ) । ਪ੍ਰਭੂ ਨੇ ਆਪ ਹੀ ਸ੍ਰਿਸ਼ਟੀ ਸਾਜੀ ਹੈ ਤੇ ਆਪ ਹੀ (ਉਸ ਸ੍ਰਿਸ਼ਟੀ ਵਿਚ ਉਸ ਨੇ ਆਪਣੇ ਆਪ ਨੂੰ) ਲੁਕਾਇਆ ਹੋਇਆ ਹੈ । ਉਸ ਪ੍ਰਭੂ ਦੀ ਸੂਝ ਸਤਿਗੁਰੂ ਦੇ ਹੁਕਮ ਵਿਚ ਤੁਰਿਆਂ ਆਉਂਦੀ ਹੈ (ਤਾਂ ਹੀ) ਸੱਚਾ ਪ੍ਰਭੂ ਪਰਗਟ ਹੁੰਦਾ ਹੈ ।ਹੈ ਤਾਂ ਹਰ ਥਾਂ ਸੱਚਾ ਪ੍ਰਭੂ ਆਪ ਹੀ ਆਪ, ਪਰ ਇਹ ਸਮਝ ਸਤਿਗੁਰੂ ਦੀ ਰਾਹੀਂ ਹੀ ਪੈਂਦੀ ਹੈ ।੧੬।

0 Comment

Leave a Reply

Your email address will not be published. Required fields are marked *