ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ ਆਵਹੁ ਮੇਰੇ ਮੀਤ ॥ ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥ ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ੳੂਜਲ ਦਰਬਾਰ ॥੩॥ ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ ਅਚਰਜੁ ਕੀਆ ਕਰਨੈਹਾਰੈ ਨਾਨਕੁ ਸਚੁ ਵਡਿਆਈ ॥੪॥੪॥੨੮॥ (ਅੰਗ ੬੭੮)

ਅਰਥ: (ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ। ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ ॥੧॥ ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)। ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ ॥ ਰਹਾਉ ॥ (ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ। ਖਸਮ-ਪ੍ਰਭੂ ਨੇ ਉਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ॥੨॥ (ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ। ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ ॥੩॥ ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ। ਹੇ ਨਾਨਕ ਜੀ! ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੪॥੪॥੨੮

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸਲੋਕੁ ਮਃ ੩ ॥ ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥ ਸਹਸਾ ਰੋਗੁ ਨਛੋਡਈ ਦੁਖ ਹੀ ਮਹਿ ਦੁਖ ਪਾਹਿ ॥ ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥ ਮਃ ੩ ॥ ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥ ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥ ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥ ਪਉੜੀ ॥ ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥ ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥ ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥ ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥ ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ ॥੭॥ (ਅੰਗ ੬੪੫)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸੋਰਠਿ ਮਹਲਾ ੫ ॥ ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥ ਪ੍ਰਭ ਬਾਣੀ ਸਬਦੁ ਸੁਭਾਖਿਆ ॥ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥ ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥ ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥ (ਅੰਗ ੬੧੧)

ਅਰਥ: (ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ, (ਕਿਉਂਕਿ) ਪ੍ਰਭੂ ਦੀ ਸਰਨ ਪਿਆਂ (ਜੀਵਨ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਤੇ, ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ਉੱਘੜ ਪੈਂਦੇ ਹਨ ॥੧॥ ਹੇ ਭਾਈ! (ਗੁਰੂ ਨੇ ਆਪਣਾ) ਸ਼ਬਦ ਸੋਹਣਾ ਉਚਾਰਿਆ ਹੋਇਆ ਹੈ, (ਇਹ ਸ਼ਬਦ) ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਹੈ। (ਇਸ ਸ਼ਬਦ ਨੂੰ) ਸਦਾ ਗਾਂਦੇ ਰਹੋ, ਸੁਣਦੇ ਰਹੋ, ਪੜ੍ਹਦੇ ਰਹੋ, (ਜੇ ਇਹ ਉੱਦਮ ਕਰਦਾ ਰਹੇਂਗਾ, ਤਾਂ ਯਕੀਨ ਰੱਖ) ਪੂਰੇ ਗੁਰੂ ਨੇ ਤੈਨੂੰ (ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚਾ ਲਿਆ ॥ ਰਹਾਉ॥ ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਬਜ਼ੁਰਗੀ ਮਿਣੀ ਨਹੀਂ ਜਾ ਸਕਦੀ, ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਉਹ ਦਇਆ ਦਾ ਸੋਮਾ ਹੈ। ਆਪਣੇ ਸੰਤਾਂ ਦੀ ਇੱਜ਼ਤ ਉਹ (ਸਦਾ ਤੋਂ ਹੀ) ਰੱਖਦਾ ਆਇਆ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ ॥੨॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸੋਰਠਿ ਮਹਲਾ ੫ ॥ ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ ॥੧॥ ਉਬਰੇ ਸਤਿਗੁਰ ਕੀ ਸਰਣਾਈ ॥ ਜਾ ਕੀ ਸੇਵ ਨ ਬਿਰਥੀ ਜਾਈ ॥ ਰਹਾਉ ॥ ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ ॥ ਨਾਨਕ ਬਿਘਨੁ ਨ ਲਾਗੈ ਕੋਊ ਮੇਰਾ ਪ੍ਰਭੁ ਹੋਆ ਕਿਰਪਾਲਾ ॥੨॥੧੨॥੪੦॥ (ਅੰਗ ੬੧੯)

ਅਰਥ: (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ) ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰ ਲਿਆ, ਉਸ ਦੇ ਅੰਦਰ ਸੁਖ ਖ਼ੁਸ਼ੀ ਆਨੰਦ ਤੇ ਆਤਮਕ ਅਡੋਲਤਾ ਦੀ ਰੌ ਚੱਲ ਪਈ। (ਜੇਹੜਾ ਭੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ) ਗੁਰੂ ਨੇ ਉਸ ਦਾ ਤਾਪ (ਦੁੱਖ-ਕਲੇਸ਼) ਲਾਹ ਦਿੱਤਾ, ਰੱਖਿਆ ਕਰਨ ਦੀ ਸਮਰਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ (ਵਿਘਨਾਂ ਤੋਂ) ਬਚਾ ਲਿਆ (ਉਸ ਨੂੰ ਇਉਂ ਬਚਾਇਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ) ॥੧॥ ਹੇ ਭਾਈ! ਉਸ ਗੁਰੂ ਦੀ ਸ਼ਰਨ ਜੇਹੜੇ ਮਨੁੱਖ ਪੈਂਦੇ ਹਨ ਉਹ (ਆਤਮਕ ਜੀਵਨ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚ ਜਾਂਦੇ ਹਨ ਜਿਸ ਗੁਰੂ ਦੀ ਕੀਤੀ ਹੋਈ ਸੇਵਾ ਖ਼ਾਲੀ ਨਹੀਂ ਜਾਂਦੀ (ਉਸ ਦੀ ਸ਼ਰਨ ਪ੍ਰਾਪਤ ਕਰ।) ॥ ਰਹਾਉ॥ (ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ) ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਬਾਹਰ (ਦੁਨੀਆ ਨਾਲ ਵਰਤਣ ਵਿਹਾਰ ਕਰਦਿਆਂ) ਭੀ ਉਸ ਨੂੰ ਆਤਮਕ ਸੁਖ ਮਿਲਿਆ ਰਹਿੰਦਾ ਹੈ, ਉਸ ਉਤੇ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ। ਹੇ ਨਾਨਕ! ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਉਸ ਉਤੇ ਪਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ ॥੨॥੧੨॥੪੦॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਵਡਹੰਸੁ ਮਹਲਾ ੩ ॥ ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥ ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥ ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥ ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥ ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ ॥ ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ ॥੧॥ (ਅੰਗ ੫੮੪)

ਅਰਥ: ਇਹ ਸਰੀਰ ਨਾਸ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ ਆ ਦਬਾਂਦਾ ਹੈ। ਜਿਨ੍ਹਾਂ ਦੀ ਗੁਰੂ ਨੇ ਰੱਖਿਆ ਕੀਤੀ, ਉਹ (ਮੋਹ ਵਿਚ ਗ਼ਰਕ ਹੋਣ ਤੋਂ) ਬਚ ਜਾਂਦੇ ਹਨ ਪਰ ਹੋਰ ਜਮਦੇ ਤੇ ਮਰਦੇ ਹਨ। ਹੋਰ ਜਮਦੇ ਤੇ ਮਰਦੇ ਹਨ ਤੇ ਅੰਤ (ਮਰਨ) ਵੇਲੇ ਪਛਤਾਂਦੇ ਹਨ; ਹਰਿ-ਨਾਮ ਤੋਂ ਬਿਨਾ ਆਤਮਕ-ਜੀਵਨ ਦਾ ਸੁੱਖ ਨਹੀਂ ਮਿਲਦਾ। ਇਸ ਲੋਕ ਵਿਚ ਜੀਵ ਜੇਹੜੀ ਕਰਣੀ ਕਮਾਂਦਾ ਹੈ ਉਹੀ ਫਲ ਭੋਗਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ (ਪ੍ਰਭੂ-ਦਰਬਾਰ ਵਿਚ) ਆਪਣੀ ਇੱਜ਼ਤ ਗਵਾ ਲੈਂਦਾ ਹੈ। (ਉਨ੍ਹਾਂ ਲਈ) ਜਮ ਰਾਜ ਦੀ ਪੁਰੀ ਵਿਚ ਵੀ ਘੁੱਪ ਹਨੇਰਾ, ਬਹੁਤ ਹਨੇਰਾ ਹੀ ਬਣਿਆ ਰਹਿੰਦਾ ਹੈ, ਉਥੇ ਭੈਣ ਜਾਂ ਭਰਾ ਕੋਈ ਸਹਾਇਤਾ ਨਹੀਂ ਕਰ ਸਕਦਾ। ਇਹ ਸਰੀਰ ਪੁਰਾਣਾ ਹੋ ਜਾਣ ਵਾਲਾ ਹੈ, ਇਸ ਨੂੰ ਬੁਢੇਪਾ (ਜ਼ਰੂਰ) ਆ ਜਾਂਦਾ ਹੈ ॥੧॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸੂਹੀ ਮਹਲਾ ੩ ਜੇ ਲੋੜਹਿ ਵਰੁ ਬਾਲੜੀਏ ਤਾ ਗੁਰ ਚਰਣੀ ਚਿਤੁ ਲਾਏ ਰਾਮ ॥ ਸਦਾ ਹੋਵਹਿ ਸੋਹਾਗਣੀ ਹਰਿ ਜੀਉ ਮਰੈ ਨ ਜਾਏ ਰਾਮ ॥ ਹਰਿ ਜੀਉ ਮਰੈ ਨ ਜਾਏ ਗੁਰ ਕੈ ਸਹਜਿ ਸੁਭਾਏ ਸਾ ਧਨ ਕੰਤ ਪਿਆਰੀ ॥ ਸਚਿ ਸੰਜਮਿ ਸਦਾ ਹੈ ਨਿਰਮਲ ਗੁਰ ਕੈ ਸਬਦਿ ਸੀਗਾਰੀ ॥ ਮੇਰਾ ਪ੍ਰਭੁ ਸਾਚਾ ਸਦ ਹੀ ਸਾਚਾ ਜਿਨਿ ਆਪੇ ਆਪੁ ਉਪਾਇਆ ॥ ਨਾਨਕ ਸਦਾ ਪਿਰੁ ਰਾਵੇ ਆਪਣਾ ਜਿਨਿ ਗੁਰ ਚਰਣੀ ਚਿਤੁ ਲਾਇਆ ॥੧॥ (ਅੰਗ ੭੭੧)

ਅਰਥ: ਹੇ ਅੰਞਾਣ ਜੀਵ-ਇਸਤ੍ਰੀਏ! ਜੇ ਤੂੰ ਪ੍ਰਭੂ-ਪਤੀ ਦਾ ਮਿਲਾਪ ਚਾਹੁੰਦੀ ਹੈਂ, ਤਾਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਰੱਖ। ਤੂੰ ਸਦਾ ਲਈ ਸੁਹਾਗ-ਭਾਗ ਵਾਲੀ ਬਣ ਜਾਏਂਗੀ, (ਕਿਉਂਕਿ) ਪ੍ਰਭੂ-ਪਤੀ ਨਾਹ ਕਦੇ ਮਰਦਾ ਹੈ ਨਾਹ ਨਾਸ ਹੁੰਦਾ ਹੈ। ਪ੍ਰਭੂ-ਪਤੀ ਕਦੇ ਨਹੀਂ ਮਰਦਾ, ਕਦੇ ਨਾਸ ਨਹੀਂ ਹੁੰਦਾ। ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਰਾਹੀਂ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦੀ ਹੈ, ਉਹ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ। ਸਦਾ-ਥਿਰ ਪ੍ਰਭੂ ਵਿਚ ਜੁੜ ਕੇ, (ਵਿਕਾਰਾਂ ਵਲੋਂ) ਬੰਦਸ਼ ਵਿਚ ਰਹਿ ਕੇ, ਉਹ ਜੀਵ-ਇਸਤ੍ਰੀ ਪਵਿਤ੍ਰ ਜੀਵਨ ਵਾਲੀ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਆਤਮਕ ਜੀਵਨ ਨੂੰ ਸੋਹਣਾ ਬਣਾ ਲੈਂਦੀ ਹੈ। ਹੇ ਸਹੇਲੀਏ! ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਸ ਨੇ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਹੋਇਆ ਹੈ। ਹੇ ਨਾਨਕ! ਜਿਸ ਜੀਵ-ਇਸਤ੍ਰੀ ਨੇ ਗੁਰੂ-ਚਰਨਾਂ ਵਿਚ ਆਪਣਾ ਮਨ ਜੋੜ ਲਿਆ, ਉਹ ਸਦਾ ਪ੍ਰਭੂ-ਪਤੀ ਦਾ ਮਿਲਾਪ ਮਾਣਦੀ ਹੈ।੧।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸੋਰਠਿ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥ (ਅੰਗ ੬੧੭)

ਅਰਥ: ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ, ਤਿਵੇਂ ਚੰਗੇ ਮੰਦੇ ਸਭ ਜੀਵਾਂ ਵਿਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿਚ ਹੈ, ਸਭ ਜੀਵਾਂ ਵਿਚ ਹੈ।੧। ਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ। ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿਚ ਹੈ ਧਰਤੀ ਵਿਚ ਹੈ।੧।ਰਹਾਉ। ਹੇ ਭਾਈ! ਨਾਨਕ (ਉਸ) ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ। ਗੁਰੂ ਨੇ (ਨਾਨਕ ਦਾ) ਭੁਲੇਖਾ ਦੂਰ ਕਰ ਦਿੱਤਾ ਹੈ। (ਤਾਂਹੀਏਂ ਨਾਨਕ ਨੂੰ ਯਕੀਨ ਹੈ ਕਿ) ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ (ਫਿਰ ਭੀ) ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਹੈ, ਸਭ ਜੀਵਾਂ ਵਿਚ ਸਮਾ ਰਿਹਾ ਹੈ ॥੨॥੧॥੨੯॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸਲੋਕੁ ਮਃ ੩ ॥ ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ ਮਃ ੩ ॥ ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ ਪਉੜੀ ॥ ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥ (ਅੰਗ ੬੪੬)

ਅਰਥ:- ਹੇ ਚੁੱਕੇ ਚੁਕਾਏ ਸ਼ੇਖ਼! ਇਸ ਮਨ ਨੂੰ ਇਕ ਟਿਕਾਣੇ ਤੇ ਲਿਆ;ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ ਸਤਿਗੁਰੂ ਦੇ ਸ਼ਬਦ ਨੂੰ ਸਮਝ। ਹੇ ਸ਼ੇਖਾ! ਜੋ (ਸਭ ਦਾ) ਜਾਣੂ ਸਤਿਗੁਰੂ ਸਭ ਕੁਝ ਸਮਝਦਾ ਹੈ ਉਸ ਦੀ ਚਰਨੀਂ ਲੱਗ;ਆਸਾਂ ਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿਚ ਪਰਾਹੁਣਾ ਸਮਝ; ਜੇ ਤੂੰ ਸਤਿਗੁਰੂ ਦੇ ਭਾਣੇ ਵਿਚ ਚਲੇਂਗਾ ਤਾਂ ਰੱਬ ਦੀ ਦਰਗਾਹ ਵਿਚ ਆਦਰ ਪਾਵੇਂਗਾ। ਹੇ ਨਾਨਕ! ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ (ਚੰਗਾ) ਖਾਣਾ ਤੇ (ਚੰਗਾ) ਪਹਿਨਣਾ ਫਿਟਕਾਰ-ਜੋਗ ਹੈ।1। ਹਰੀ ਦੇ ਗੁਣ ਬਿਆਨ ਕਰਦਿਆਂ ਉਹ ਗੁਣ ਮੁੱਕਦੇ ਨਹੀਂ, ਤੇ ਨਾਹ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਝਣ ਲਈ ਮੁੱਲ ਕੀਹ ਹੈ; (ਪਰ,) ਹੇ ਨਾਨਕ! ਗੁਰਮੁਖ ਜੀਊੜੇ ਹਰੀ ਦੇ ਗੁਣ ਗਾਉਂਦੇ ਹਨ। (ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਂਦਾ ਹੈ ਉਹ) ਗੁਣਾਂ ਵਿਚ ਲੀਨ ਹੋਇਆ ਰਹਿੰਦਾ ਹੈ।2। (ਇਹ ਮਨੁੱਖਾ) ਸਰੀਰ, ਮਾਨੋ, ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ ਤੇ ਭਗਤੀ (-ਰੂਪ ਕਸੀਦਾ) ਕੱਢ ਕੇ ਇਹ ਚੋਲੀ ਪਹਿਨਣ-ਜੋਗ ਬਣਦੀ ਹੈ। (ਇਸ ਚੋਲੀ ਨੂੰ) ਬਹੁਤ ਤਰ੍ਹਾਂ ਕਈ ਵੰਨਗੀਆਂ ਦਾ ਹਰੀ-ਨਾਮ ਪੱਟ ਲੱਗਾ ਹੋਇਆ ਹੈ; (ਇਸ ਭੇਤ ਨੂੰ) ਮਨ ਵਿਚ ਵਿਚਾਰ ਕਰ ਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਹੈ, ਜਿਸ ਨੂੰ ਹਰੀ ਆਪ ਸਮਝਾਵੇ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਹਰੀ ਗੁਰੂ ਦੀ ਰਾਹੀਂ (ਸਿਮਰਿਆ ਜਾ ਸਕਦਾ ਹੈ)।11।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥ (ਅੰਗ ੬੧੯)

ਅਰਥ: ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, (ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ ॥੧॥ ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ ॥ ਰਹਾਉ॥ ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! (ਆਖ ਕਿ ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ ॥੨॥੧੬॥੪੪॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਧਨਾਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ ॥ ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥੧॥ ਹਰਿ ਗੁਣ ਕਹਿ ਨ ਸਕਉ ਬਨਵਾਰੀ ॥ ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥ ਰਹਾਉ ॥ ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ ॥ ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ ॥੨॥ ਹਰਿ ਹਰਿ ਜਪਨੁ ਜਪਉ ਦਿਨੁ ਰਾਤੀ ਜਪਿ ਹਰਿ ਹਰਿ ਹਰਿ ਉਰਿ ਧਾਰੀ ॥ ਹਰਿ ਹਰਿ ਹਰਿ ਅਉਖਧੁ ਜਗਿ ਪੂਰਾ ਜਪਿ ਹਰਿ ਹਰਿ ਹਉਮੈ ਮਾਰੀ ॥੩॥ ਹਰਿ ਹਰਿ ਅਗਮ ਅਗਾਧਿ ਬੋਧਿ ਅਪਰੰਪਰ ਪੁਰਖ ਅਪਾਰੀ ॥ ਜਨ ਕਉ ਕ੍ਰਿਪਾ ਕਰਹੁ ਜਗਜੀਵਨ ਜਨ ਨਾਨਕ ਪੈਜ ਸਵਾਰੀ ॥੪॥੧॥ (ਅੰਗ ੬੬੬)

ਅਰਥ: ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪ੍ਰਭੂ! ਤੇਰੇ ਜੇਹੜੇ ਸੰਤ ਜੇਹੜੇ ਭਗਤ ਤੇਰਾ ਸਿਮਰਨ ਕਰਦੇ ਹਨ, ਤੂੰ ਉਹਨਾਂ ਦੇ (ਪਿਛਲੇ ਕੀਤੇ) ਸਾਰੇ ਪਾਪ ਦੂਰ ਕਰਨ ਵਾਲਾ ਹੈਂ। ਹੇ ਮਾਲਕ-ਪ੍ਰਭੂ! ਸਾਡੇ ਉੱਤੇ ਭੀ ਮੇਹਰ ਕਰ, (ਸਾਨੂੰ ਉਸ) ਸਾਧ ਸੰਗਤ ਵਿਚ ਰੱਖ ਜੇਹੜੀ ਤੈਨੂੰ ਪਿਆਰੀ ਲੱਗਦੀ ਹੈ ॥੧॥ ਹੇ ਹਰੀ! ਹੇ ਪ੍ਰਭੂ! ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ। ਅਸੀਂ ਜੀਵ ਪਾਪੀ ਹਾਂ, ਪਾਪਾਂ ਵਿਚ ਡੁੱਬੇ ਰਹਿੰਦੇ ਹਾਂ, ਜਿਵੇਂ ਪੱਥਰ ਪਾਣੀ ਵਿਚ ਡੁੱਬੇ ਰਹਿੰਦੇ ਹਨ। ਮੇਹਰ ਕਰ, ਸਾਨੂੰ ਪੱਥਰਾਂ (ਪੱਥਰ-ਦਿਲਾਂ) ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥ਰਹਾਉ॥ ਹੇ ਭਾਈ! ਜਿਵੇਂ ਸੋਨਾ ਅੱਗ ਵਿਚ ਤਪਾਇਆਂ ਉਸ ਦੀ ਸਾਰੀ ਮੈਲ ਕੱਟੀ ਜਾਂਦੀ ਹੈ, ਲਾਹ ਦਿੱਤੀ ਜਾਂਦੀ ਹੈ, ਤਿਵੇਂ ਜੀਵਾਂ ਦੇ ਅਨੇਕਾਂ ਜਨਮਾਂ ਦੇ ਚੰਬੜੇ ਹੋਏ ਪਾਪਾਂ ਦਾ ਜ਼ਹਰ ਪਾਪਾਂ ਦਾ ਜੰਗਾਲ ਸਾਧ ਸੰਗਤ ਦੀ ਸਰਨ ਪੈ ਕੇ ਸੋਧਿਆ ਜਾਂਦਾ ਹੈ ॥੨॥ (ਹੇ ਭਾਈ!) ਮੈਂ (ਭੀ) ਦਿਨ ਰਾਤ ਪਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ, ਨਾਮ ਜਪ ਕੇ ਉਸ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ। ਹੇ ਭਾਈ! ਪਰਮਾਤਮਾ ਦਾ ਨਾਮ ਜਗਤ ਵਿਚ ਐਸੀ ਦਵਾਈ ਹੈ ਜੋ ਆਪਣਾ ਅਸਰ ਕਰਨੋਂ ਕਦੇ ਨਹੀਂ ਖੁੰਝਦੀ। ਇਹ ਨਾਮ ਜਪ ਕੇ (ਅੰਦਰੋਂ) ਹਉਮੈ ਮੁਕਾ ਸਕੀਦੀ ਹੈ ॥੩॥ ਨਾਨਕ ਜੀ ! (ਆਖ-) ਹੇ ਅਪਹੁੰਚ! ਹੇ ਮਨੁੱਖਾਂ ਦੀ ਸਮਝ ਤੋਂ ਪਰੇ! ਹੇ ਪਰੇ ਤੋਂ ਪਰੇ! ਹੇ ਸਰਬ-ਵਿਆਪਕ! ਹੇ ਬੇਅੰਤ! ਹੇ ਜਗਤ ਦੇ ਜੀਵਨ! ਆਪਣੇ ਦਾਸਾਂ ਉਤੇ ਮੇਹਰ ਕਰ, ਤੇ, (ਇਸ ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚੋਂ) ਦਾਸਾਂ ਦੀ ਲਾਜ ਰੱਖ ਲੈ ॥੪॥੧॥