ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਗੂਜਰੀ ਮਹਲਾ ੫ ॥ ਤੂੰ ਸਮਰਥੁ ਸਰਨਿ ਕੋ ਦਾਤਾ ਦੁਖ ਭੰਜਨੁ ਸੁਖ ਰਾਇ ॥ ਜਾਹਿ ਕਲੇਸ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਇ ॥੧॥ ਗੋਵਿੰਦ ਤੁਝ ਬਿਨੁ ਅਵਰੁ ਨ ਠਾਉ ॥ ਕਰਿ ਕਿਰਪਾ ਪਾਰਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ॥ ਰਹਾਉ ॥ ਸਤਿਗੁਰ ਸੇਵਿ ਲਗੇ ਹਰਿ ਚਰਨੀ ਵਡੈ ਭਾਗਿ ਲਿਵ ਲਾਗੀ ॥ ਕਵਲ ਪ੍ਰਗਾਸ ਭਏ ਸਾਧਸੰਗੇ ਦੁਰਮਤਿ ਬੁਧਿ ਤਿਆਗੀ ॥੨॥ ਆਠ ਪਹਰ ਹਰਿ ਕੇ ਗੁਣ ਗਾਵੈ ਸਿਮਰੈ ਦੀਨ ਦੈਆਲਾ ॥ ਆਪਿ ਤਰੈ ਸੰਗਤਿ ਸਭ ਉਧਰੈ ਬਿਨਸੇ ਸਗਲ ਜੰਜਾਲਾ ॥੩॥ ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥ ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥੪॥੨॥੩੨॥ (ਅੰਗ ੫੦੨)

ਅਰਥ: ਹੇ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈਂ, ਤੂੰ ਸਰਨ ਆਏ ਨੂੰ ਸਹਾਰਾ ਦੇਣ ਵਾਲਾ ਹੈਂ, ਤੂੰ (ਜੀਵਾਂ ਦੇ) ਦੁੱਖ ਦੂਰ ਕਰਨ ਵਾਲਾ ਹੈਂ, ਤੇ ਸੁਖ ਦੇਣ ਵਾਲਾ ਹੈਂ। ਤੇਰੇ ਪਵਿਤ੍ਰ ਗੁਣ ਗਾ ਗਾ ਕੇ ਜੀਵਾਂ ਦੇ ਦੁੱਖ ਦੂਰ ਹੋ ਜਾਂਦੇ ਹਨ, ਸਾਰੇ ਡਰ ਭਰਮ ਮਿਟ ਜਾਂਦੇ ਹਨ।੧। ਹੇ ਮੇਰੇ ਗੋਵਿੰਦ! ਤੈਥੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ। ਹੇ ਪਾਰਬ੍ਰਹਮ! ਹੇ ਸੁਆਮੀ! (ਮੇਰੇ ਉਤੇ) ਮੇਹਰ ਕਰ, ਮੈਂ (ਸਦਾ) ਤੇਰਾ ਨਾਮ ਜਪਦਾ ਰਹਾਂ।੧।ਰਹਾਉ। ਹੇ ਭਾਈ! ਜੇਹੜੇ ਮਨੁੱਖ ਵੱਡੀ ਕਿਸਮਤਿ ਨਾਲ ਗੁਰੂ ਦੀ ਸਰਨ ਪੈ ਕੇ ਪ੍ਰਭੂ-ਚਰਨਾਂ ਵਿਚ ਜੁੜਦੇ ਹਨ, ਉਹਨਾਂ ਦੀ ਲਗਨ (ਪਰਮਾਤਮਾ ਨਾਲ) ਲੱਗ ਜਾਂਦੀ ਹੈ, ਗੁਰੂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਦੇ ਹਿਰਦੇ-ਕੌਲ ਖਿੜ ਜਾਂਦੇ ਹਨ, ਉਹ ਖੋਟੀ ਮਤਿ ਵਾਲੀ ਬੁੱਧੀ ਤਿਆਗ ਦੇਂਦੇ ਹਨ।੨। ਹੇ ਭਾਈ! ਜੇਹੜਾ ਮਨੁੱਖ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਹੈ, ਦੀਨਾਂ ਉਤੇ ਦਇਆ ਕਰਨ ਵਾਲੇ ਦਾ ਨਾਮ ਸਿਮਰਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਉਸ ਦੇ ਨਾਲ ਮੇਲ ਰੱਖਣ ਵਾਲਾ ਸਾਥ ਭੀ ਪਾਰ ਲੰਘ ਜਾਂਦਾ ਹੈ, ਉਸ ਦੇ ਸਾਰੇ ਮਾਇਕ-ਬੰਧਨ ਨਾਸ ਹੋ ਜਾਂਦੇ ਹਨ।੩। ਹੇ ਪ੍ਰਭੂ! ਹੇ ਸੁਆਮੀ! ਜਿਸ ਮਨੁੱਖ ਨੇ ਤੇਰੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ, ਤੂੰ ਮਾਲਕ ਤਾਣੇ ਪੇਟੇ ਵਾਂਗ ਸਦਾ ਉਸ ਦੇ ਨਾਲ ਰਹਿੰਦਾ ਹੈਂ। ਹੇ ਨਾਨਕ! ਆਖ-) ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਸਰਨ ਆ ਪਿਆ, ਹੇ ਹਰੀ! ਤੂੰ ਉਸ ਨੂੰ ਆਪਣੇ ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਬਚਾਂਦਾ ਹੈਂ।੪।੩੨।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥ (ਅੰਗ ੬੭੧)

ਅਰਥ: ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥ ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥ (ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥ (ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਨਾਨਕ ਜੀ ਆਖਦੇ ਹਨ – ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨੀ੍ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ੍ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ੍ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ੍॥ ਸੇ ਫਲ ਕੰਮਿ ਨ ਆਵਨੀ੍ ਤੇ ਗੁਣ ਮੈ ਤਨਿ ਹੰਨਿ੍ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥ (ਅੰਗ ੭੨੯)

ਅਰਥ: ਰਾਗ ਸੂਹੀ, ਘਰ ੬ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)। ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ ॥੧॥ ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ॥੧॥ ਰਹਾਉ ॥ ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ॥੨॥ ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ ॥੩॥ (ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ, (ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ ॥੪॥ ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ ? ॥੫॥ ਹੇ ਨਾਨਕ ਜੀ! (ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ ॥੬॥੧॥੩॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਟੋਡੀ ਮਹਲਾ ੫ ਘਰੁ ੨ ਦੁਪਦੇ ੴ☬ ਸਤਿਗੁਰ ਪ੍ਰਸਾਦਿ ॥ ਮਾਗਉ ਦਾਨੁ ਠਾਕੁਰ ਨਾਮ ॥ ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥ ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥ ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥ ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥ ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥ (ਅੰਗ ੭੧੩)

ਅਰਥ: ਹੇ ਮਾਲਕ ਪ੍ਰਭੂ! ਮੈਂ (ਤੇਰੇ ਪਾਸੋਂ ਤੇਰੇ) ਨਾਮ ਦਾ ਦਾਨ ਮੰਗਦਾ ਹਾਂ । ਕੋਈ ਭੀ ਹੋਰ ਚੀਜ ਮੇਰੇ ਨਾਲ ਨਹੀਂ ਜਾ ਸਕਦੀ । ਜੇ ਤੇਰੀ ਕਿਰਪਾ ਹੋਵੇ, ਤਾਂ ਮੈਨੂੰ ਤੇਰੀ ਸਿਫਤਿ-ਸਾਲਾਹ ਮਿਲ ਜਾਏ ।੧। ਰਹਾਉ । ਹੇ ਭਾਈ! ਹੁਕੂਮਤ, ਧਨ, ਤੇ, ਅਨੇਕਾਂ ਪਦਾਰਥਾਂ ਦੇ ਸੁਆਦ—ਇਹ ਸਾਰੇ ਰੁੱਖ ਦੀ ਛਾਂ ਵਰਗੇ ਹਨ (ਸਦਾ ਇੱਕ ਥਾਂ ਟਿਕੇ ਨਹੀਂ ਰਹਿ ਸਕਦੇ) । ਮਨੁੱਖ (ਇਹਨਾਂ ਦੀ ਖਾਤਰ) ਸਦਾ ਹੀ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦਾ ਰਹਿੰਦਾ ਹੈ, ਪਰ ਉਸ ਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ।੧। ਹੇ ਨਾਨਕ! ਆਖ—(ਹੇ ਭਾਈ!) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਹੋਰ ਹੀ ਮੰਗਦਾ ਰਹਾਂ, ਤਾਂ ਇਹ ਸਾਰੀ ਗੱਲ ਕੱਚੀ ਹੈ । ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, (ਤਾ ਕਿ) ਮੇਰਾ ਮਨ (ਦੁਨੀਆ ਵਾਲੀ ਦੌੜ-ਭੱਜ ਤੋਂ) ਟਿਕਾਣਾ ਹਾਸਲ ਕਰ ਸਕੇ ।੨।੧।੬।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥ (ਅੰਗ ੭੦੯)

ਅਰਥ: ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਰਾਮਕਲੀ ਮਹਲਾ ੫ ਰੁਤੀ ਸਲੋਕੁ ੴ ਸਤਿਗੁਰ ਪ੍ਰਸਾਦਿ ॥ ਕਰਿ ਬੰਦਨ ਪ੍ਰਭ ਪਾਰਬ੍ਰਹਮ ਬਾਛਉ ਸਾਧਹ ਧੂਰਿ ॥ ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥੧॥ ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥ ਦੀਨ ਦਇਆਲ ਦੁਖ ਭੰਜਨੋ ਨਾਨਕ ਨੀਤ ਧਿਆਇ ॥੨॥ ਛੰਤੁ ॥ ਜਸੁ ਗਾਵਹੁ ਵਡਭਾਗੀਹੋ ਕਰਿ ਕਿਰਪਾ ਭਗਵੰਤ ਜੀਉ ॥ ਰੁਤੀ ਮਾਹ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਉ ॥ ਗੁਣ ਰੰਗਿ ਰਾਤੇ ਧੰਨਿ ਤੇ ਜਨ ਜਿਨੀ ਇਕ ਮਨਿ ਧਿਆਇਆ ॥ ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥ ਪੁੰਨ ਦਾਨ ਨ ਤੁਲਿ ਕਿਰਿਆ ਹਰਿ ਸਰਬ ਪਾਪਾ ਹੰਤ ਜੀਉ ॥ ਬਿਨਵੰਤਿ ਨਾਨਕ ਸਿਮਰਿ ਜੀਵਾ ਜਨਮ ਮਰਣ ਰਹੰਤ ਜੀਉ ॥੧॥ (ਅੰਗ ੯੨੭)

ਅਰਥ: ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ ‘ਰੁਤੀ ਸਲੋਕੁ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਪਾਰਬ੍ਰਹਮ ਪ੍ਰਭੂ ਨੂੰ ਨਮਸਕਾਰ ਕਰ ਕੇ ਮੈਂ (ਉਸ ਦੇ ਦਰ ਤੋਂ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਅਤੇ ਆਪਾ-ਭਾਵ ਦੂਰ ਕਰ ਕੇ ਮੈਂ ਉਸ ਸਰਬ-ਵਿਆਪਕ ਪ੍ਰਭੂ ਦਾ ਨਾਮ ਜਪਦਾ ਹਾਂ।੧। ਪ੍ਰਭੂ ਪਾਤਿਸ਼ਾਹ ਸਾਰੇ ਪਾਪ ਕੱਟਣ ਵਾਲਾ ਹੈ, ਸਾਰੇ ਡਰ ਦੂਰ ਕਰਨ ਵਾਲਾ ਹੈ, ਸੁਖਾਂ ਦਾ ਸਮੁੰਦਰ ਹੈ, ਗਰੀਬਾਂ ਉਤੇ ਦਇਆ ਕਰਨ ਵਾਲਾ ਹੈ, (ਗਰੀਬਾਂ ਦੇ) ਦੁੱਖ ਨਾਸ ਕਰਨ ਵਾਲਾ ਹੈ। ਹੇ ਨਾਨਕ! ਉਸ ਨੂੰ ਸਦਾ ਸਿਮਰਦਾ ਰਹੁ।੨। ਛੰਤੁ। ਹੇ ਵੱਡੇ ਭਾਗਾਂ ਵਾਲਿਓ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਿਹਾ ਕਰੋ। ਹੇ ਭਗਵਾਨ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਜਸ ਗਾਂਦਾ ਰਹਾਂ। ਹੇ ਭਾਈ! ਜਿਹੜੀਆਂ ਰੁੱਤਾਂ, ਜਿਹੜੇ ਮੁਹੂਰਤ, ਜਿਹੜੀਆਂ ਘੜੀਆਂ ਪਰਮਾਤਮਾ ਦੇ ਗੁਣ ਉਚਾਰਦਿਆਂ ਬੀਤਣ, ਉਹ ਸਮੇ ਸੋਭਾ ਵਾਲੇ ਹੁੰਦੇ ਹਨ। ਹੇ ਭਾਈ! ਜਿਹੜੇ ਬੰਦੇ ਪਰਮਾਤਮਾ ਦੇ ਗੁਣਾਂ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਜਿਨ੍ਹਾਂ ਬੰਦਿਆਂ ਨੇ ਇਕ-ਮਨ ਹੋ ਕੇ ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹ ਬੰਦੇ ਭਾਗਾਂ ਵਾਲੇ ਹਨ। ਹੇ ਭਾਈ! (ਸਿਮਰਨ ਦੀ ਬਰਕਤਿ ਨਾਲ) ਜਿਨ੍ਹਾਂ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਹੈ। ਹੇ ਭਾਈ! ਪਰਮਾਤਮਾ (ਦਾ ਨਾਮ) ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ, ਕੋਈ ਪੁੰਨ-ਦਾਨ ਕੋਈ ਧਾਰਮਿਕ ਕਰਮ ਹਰਿ-ਨਾਮ ਸਿਮਰਨ ਦੇ ਬਰਾਬਰ ਨਹੀਂ ਹਨ। ਨਾਨਕ ਬੇਨਤੀ ਕਰਦਾ ਹੈ– ਹੇ ਭਾਈ! ਪਰਮਾਤਮਾ ਦਾ ਨਾਮ ਸਿਮਰ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਦਾ ਹਾਂ। (ਸਿਮਰਨ ਦੀ ਬਰਕਤ ਨਾਲ) ਜਨਮ ਮਰਨ (ਦੇ ਗੇੜ) ਮੁੱਕ ਜਾਂਦੇ ਹਨ।੧।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਰਾਗੁ ਬਿਲਾਵਲੁ ਮਹਲਾ ੫ ਘਰੁ ੧੩ ਪੜਤਾਲ ੴ ਸਤਿਗੁਰ ਪ੍ਰਸਾਦਿ ॥ ਮੋਹਨ ਨੀਦ ਨ ਆਵੈ ਹਾਵੈ ਹਾਰ ਕਜਰ ਬਸਤ੍ਰ ਅਭਰਨ ਕੀਨੇ ॥ ਉਡੀਨੀ ਉਡੀਨੀ ਉਡੀਨੀ ॥ ਕਬ ਘਰਿ ਆਵੈ ਰੀ ॥੧॥ ਰਹਾਉ ॥ ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥ ਲਾਲਨੁ ਮੋਹਿ ਮਿਲਾਵਹੁ ॥ ਕਬ ਘਰਿ ਆਵੈ ਰੀ ॥੧॥ ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥ ਤਬ ਰਸ ਮੰਗਲ ਗੁਨ ਗਾਵਹੁ ॥ ਆਨਦ ਰੂਪ ਧਿਆਵਹੁ ॥ ਨਾਨਕੁ ਦੁਆਰੈ ਆਇਓ ॥ ਤਉ ਮੈ ਲਾਲਨੁ ਪਾਇਓ ਰੀ ॥੨॥ ਮੋਹਨ ਰੂਪੁ ਦਿਖਾਵੈ ॥ ਅਬ ਮੋਹਿ ਨੀਦ ਸੁਹਾਵੈ ॥ ਸਭ ਮੇਰੀ ਤਿਖਾ ਬੁਝਾਨੀ ॥ ਅਬ ਮੈ ਸਹਜਿ ਸਮਾਨੀ ॥ ਮੀਠੀ ਪਿਰਹਿ ਕਹਾਨੀ ॥ ਮੋਹਨੁ ਲਾਲਨੁ ਪਾਇਓ ਰੀ ॥ ਰਹਾਉ ਦੂਜਾ ॥੧॥੧੨੮॥ (ਅੰਗ ੮੩੦)

ਅਰਥ:- ਹੇ ਮੋਹਨ-ਪ੍ਰਭੂ! (ਜਿਵੇਂ ਪਤੀ ਤੋਂ ਵਿਛੁੜੀ ਹੋਈ ਇਸਤ੍ਰੀ ਭਾਵੇਂ ਜੀਕਰ) ਹਾਰ, ਕੱਜਲ, ਕਪੜੇ, ਗਹਿਣੇ ਪਾਂਦੀ ਹੈ, (ਪਰ ਵਿਛੋੜੇ ਦੇ ਕਾਰਨ) ਹਾਹੁਕੇ ਵਿਚ (ਉਸ ਨੂੰ) ਨੀਂਦ ਨਹੀਂ ਆਉਂਦੀ, (ਪਤੀ ਦੀ ਉਡੀਕ ਵਿਚ ਉਹ) ਹਰ ਵੇਲੇ ਉਦਾਸ ਉਦਾਸ ਰਹਿੰਦੀ ਹੈ, (ਤੇ ਸਹੇਲੀ ਪਾਸੋਂ ਪੁੱਛਦੀ ਹੈ—) ਹੇ ਭੈਣ! (ਮੇਰਾ ਪਤੀ) ਕਦੋਂ ਘਰ ਆਵੇਗਾ (ਇਸੇ ਤਰ੍ਹਾਂ, ਹੇ ਮੋਹਨ! ਤੈਥੋਂ ਵਿਛੁੜ ਕੇ ਮੈਨੂੰ ਸ਼ਾਂਤੀ ਨਹੀਂ ਆਉਂਦੀ)।1। ਰਹਾਉ। ਹੇ ਮੋਹਨ ਪ੍ਰਭੂ! ਮੈਂ ਗੁਰਮੁਖ ਸੁਹਾਗਣ ਦੀ ਸਰਨ ਪੈਂਦੀ ਹਾਂ, ਉਸ ਦੇ ਚਰਨਾਂ ਉਤੇ (ਆਪਣਾ) ਸਿਰ ਧਰ ਕੇ (ਪੁੱਛਦੀ ਹਾਂ—) ਹੇ ਭੈਣ! ਮੈਨੂੰ ਸੋਹਣਾ ਲਾਲ ਮਿਲਾ ਦੇ (ਦੱਸ, ਉਹ) ਕਦੋਂ ਮੇਰੇ ਹਿਰਦੇ-ਘਰ ਵਿਚ ਆਵੇਗਾ।1। (ਸੁਹਾਗਣ ਆਖਦੀ ਹੈ—) ਹੇ ਸਹੇਲੀਏ! ਸੁਣ, ਮੈਂ ਤੈਨੂੰ ਮੋਹਨ-ਪ੍ਰਭੂ ਦੇ ਮਿਲਣ ਦੀ ਗੱਲ ਸੁਣਾਂਦੀ ਹਾਂ। ਤੂੰ (ਆਪਣੇ ਅੰਦਰੋਂ) ਸਾਰਾ ਅਹੰਕਾਰ ਦੂਰ ਕਰ ਦੇ। ਤਦੋਂ ਤੂੰ ਆਪਣੇ ਹਿਰਦੇ-ਘਰ ਵਿਚ ਹੀ ਉਸ ਸੋਹਣੇ ਲਾਲ ਨੂੰ ਲੱਭ ਲਏਂਗੀ। (ਹਿਰਦੇ-ਘਰ ਵਿਚ ਉਸ ਦਾ ਦਰਸਨ ਕਰ ਕੇ) ਫਿਰ ਤੂੰ ਖ਼ੁਸ਼ੀ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰੀਂ, ਅਤੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰੀਂ ਜੋ ਨਿਰਾ ਆਨੰਦ ਹੀ ਆਨੰਦ-ਰੂਪ ਹੈ। ਹੇ ਭੈਣ! ਨਾਨਕ (ਭੀ ਉਸ ਗੁਰੂ ਦੇ) ਦਰ ਤੇ ਆ ਗਿਆ ਹੈ, (ਗੁਰੂ ਦੇ ਦਰ ਤੇ ਆ ਕੇ) ਮੈਂ (ਨਾਨਕ ਨੇ ਹਿਰਦੇ-ਘਰ ਵਿਚ ਹੀ) ਸੋਹਣਾ ਲਾਲ ਲੱਭ ਲਿਆ ਹੈ।2। ਹੇ ਭੈਣ! (ਹੁਣ) ਮੋਹਨ ਪ੍ਰਭੂ ਮੈਨੂੰ ਦਰਸਨ ਦੇ ਰਿਹਾ ਹੈ, ਹੁਣ (ਮਾਇਆ ਦੇ ਮੋਹ ਵਲੋਂ ਪੈਦਾ ਹੋਈ) ਉਪਰਾਮਤਾ ਮੈਨੂੰ ਮਿੱਠੀ ਲੱਗ ਰਹੀ ਹੈ, ਮੇਰੀ ਸਾਰੀ ਮਾਇਆ ਦੀ ਤ੍ਰਿਸ਼ਨਾ ਮਿਟ ਗਈ ਹੈ। ਹੁਣ ਮੈਂ ਆਤਮਕ ਅਡੋਲਤਾ ਵਿਚ ਟਿਕ ਗਈ ਹਾਂ। ਪ੍ਰਭੂ-ਪਤੀ ਦੀਆਂ ਸਿਫ਼ਤਿ-ਸਾਲਾਹ ਦੀਆਂ ਗੱਲਾਂ ਮੈਨੂੰ ਪਿਆਰੀਆਂ ਲੱਗ ਰਹੀਆਂ ਹਨ। ਹੇ ਭੈਣ! ਹੁਣ ਮੈਂ ਸੋਹਣਾ ਲਾਲ ਮੋਹਣ ਲੱਭ ਲਿਆ ਹੈ। ਰਹਾਉ ਦੂਜਾ।1। 128।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਬਿਲਾਵਲੁ ਮਹਲਾ ੫ ॥ ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ ॥ ਬਿਸ੍ਰਾਮ ਪਾਏ ਮਿਲਿ ਸਾਧਸੰਗਿ ਤਾ ਤੇ ਬਹੁੜਿ ਨ ਧਾਉ ॥੧॥ ਬਲਿਹਾਰੀ ਗੁਰ ਆਪਨੇ ਚਰਨਨੑ ਬਲਿ ਜਾਉ ॥ ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥੧॥ ਰਹਾਉ ॥ ਕਥਾ ਕੀਰਤਨੁ ਰਾਗ ਨਾਦ ਧੁਨਿ ਇਹੁ ਬਨਿਓ ਸੁਆਉ ॥ ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ ॥੨॥੬॥੭੦॥ (ਅੰਗ ੮੧੮)

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥ ਨਾਨਕ ਨਾਮੁ ਨਿਰੰਜਨੁ ਗਾਈਐ ਪਾਈਐ ਸਰਬ ਨਿਧਾਨਾ ॥ ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥੩॥੩॥੨੧॥ (ਅੰਗ ੬੭੬)

ਅਰਥ: ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ ।ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ ।੧।ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ ।(ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ । ਰਹਾਉ ।ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ ।ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ ।੨।ਹੇ ਨਾਨਕ! ਮਾਇਆ ਤੋਂ ਨਿਰਲੇਪ ਪਰਮਾਤਮਾ ਦਾ ਨਾਮ ਗਾਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਸਾਰੇ ਖਜਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ, ਪਰ (ਇਹ ਭੇਤ) ਕਿਸੇ (ਉਸ) ਵਿਰਲੇ ਮਨੁੱਖ ਨੇ ਸਮਝਿਆ ਹੈ ਜਿਸ ਨੂੰ ਮਾਲਕ-ਪ੍ਰਭੂ ਆਪ ਮੇਹਰ ਕਰ ਕੇ (ਨਾਮ ਦੀ ਦਾਤਿ) ਦੇਂਦਾ ਹੈ ।੩।੩।੨੧।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸਲੋਕ ਮਃ ੩ ॥ ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥ ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥ ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥ ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥ ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥ ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥ ਮਃ ੩ ॥ ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥ ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥ ਮਃ ੩ ॥ ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥ ਪਉੜੀ ॥ ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥ ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥ ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥ ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ ॥ ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥੯॥ (ਅੰਗ ੭੮੮)