ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama from Sachkhand Sri Harimandir Sahib)

ਰਾਮਕਲੀ ਮਹਲਾ ੧ ॥ ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥ ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥੧॥ ਬਾਬਾ ਗੋਰਖੁ ਜਾਗੈ ॥ ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥੧॥ ਰਹਾਉ ॥ਪਾਣੀ ਪ੍ਰਾਣ ਪਵਣਿ ਬੰਧਿ ਰਾਖੇ ਚੰਦੁ ਸੂਰਜੁ ਮੁਖਿ ਦੀਏ ॥ ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥੨॥ ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥ ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥੩॥ ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥ ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥੪॥੪॥ (ਅੰਗ ੮੭੭)

ਅਰਥ: ਹੇ ਜੋਗੀ! ਮੈਂ ਭੀ ਗੋਰਖ ਦਾ ਚੇਲਾ ਹਾਂ, ਪਰ ਮੇਰਾ) ਗੋਰਖ (ਸਦਾ ਜੀਊਂਦਾ) ਜਾਗਦਾ ਹੈ। (ਮੇਰਾ) ਗੋਰਖ ਉਹ ਹੈ ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਪੈਦਾ ਕਰਦਿਆਂ ਚਿਰ ਨਹੀਂ ਲੱਗਦਾ।੧।ਰਹਾਉ। (ਜੋ ਪ੍ਰਭੂ ਸਾਰੇ) ਜਗਤ ਨੂੰ ਸੁਣਦਾ ਹੈ (ਭਾਵ, ਸਾਰੇ ਜਗਤ ਦੀ ਸਦਾਅ ਸੁਣਦਾ ਹੈ) ਉਸ ਦੇ ਚਰਨਾਂ ਵਿਚ ਸੁਰਤਿ ਜੋੜਨੀ ਮੇਰੀ ਸਦਾਅ ਹੈ, ਉਸ ਨੂੰ ਆਪਣੇ ਅੰਦਰ ਸਾਖਿਆਤ ਵੇਖਣਾ (ਉਸ ਦੇ ਦਰ ਤੇ) ਮੇਰੀ ਸਿੰਙੀ ਵੱਜ ਰਹੀ ਹੈ। (ਉਸ ਦਰ ਤੋਂ ਭਿੱਛਿਆ) ਮੰਗਣ ਲਈ ਆਪਣੇ ਆਪ ਨੂੰ ਯੋਗ ਪਾਤ੍ਰ ਬਣਾਣਾ ਮੈਂ (ਮੋਢੇ ਉਤੇ) ਝੋਲੀ ਪਾਈ ਹੋਈ ਹੈ, ਤਾ ਕਿ ਮੈਨੂੰ ਨਾਮ-ਭਿੱਛਿਆ ਮਿਲ ਜਾਏ।੧।(ਜਿਸ ਪਰਮਾਤਮਾ ਨੇ) ਪਾਣੀ ਪਉਣ (ਆਦਿਕ ਤੱਤਾਂ) ਵਿਚ (ਜੀਵਾਂ ਦੇ) ਪ੍ਰਾਣ ਟਿਕਾ ਕੇ ਰੱਖ ਦਿੱਤੇ ਹਨ, ਸੂਰਜ ਤੇ ਚੰਦ੍ਰਮਾ ਮੁਖੀ ਦੀਵੇ ਬਣਾਏ ਹਨ, ਵੱਸਣ ਵਾਸਤੇ (ਜੀਵਾਂ ਨੂੰ) ਧਰਤੀ ਦਿੱਤੀ ਹੈ (ਜੀਵਾਂ ਨੇ ਉਸ ਨੂੰ ਭੁਲਾ ਕੇ ਉਸ ਦੇ) ਇਤਨੇ ਉਪਕਾਰ ਵਿਸਾਰ ਦਿੱਤੇ ਹਨ।੨।ਜਗਤ ਵਿਚ ਅਨੇਕਾਂ ਜੰਗਮ ਜੋਗੀ ਪੀਰ ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ ਅਤੇ ਹੋਰ ਸਾਧਨ ਕਰਨ ਵਾਲੇ ਵੇਖਣ ਵਿਚ ਆਉਂਦੇ ਹਨ, ਪਰ ਮੈਂ ਤਾਂ ਜੇ ਉਹਨਾਂ ਨੂੰ ਮਿਲਾਂਗਾ ਤਾਂ (ਉਹਨਾਂ ਨਾਲ ਮਿਲ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੀ ਕਰਾਂਗਾ (ਮੇਰਾ ਜੀਵਨ-ਨਿਸ਼ਾਨਾ ਇਹੀ ਹੈ) ਮੇਰਾ ਮਨ ਪ੍ਰਭੂ ਦਾ ਸਿਮਰਨ ਹੀ ਕਰੇਗਾ।੩।ਜਿਵੇਂ ਲੂਣ ਘਿਉ ਵਿਚ ਪਿਆ ਗਲਦਾ ਨਹੀਂ, ਜਿਵੇਂ ਕਾਗ਼ਜ਼ ਘਿਉ ਵਿਚ ਰੱਖਿਆ ਗਲਦਾ ਨਹੀਂ, ਜਿਵੇਂ ਕੌਲ ਫੁੱਲ ਪਾਣੀ ਵਿਚ ਰਿਹਾਂ ਕੁਮਲਾਂਦਾ ਨਹੀਂ, ਇਸੇ ਤਰ੍ਹਾਂ, ਹੇ ਦਾਸ ਨਾਨਕ! ਭਗਤ ਜਨ ਪਰਮਾਤਮਾ ਦੇ ਚਰਨਾਂ ਵਿਚ ਮਿਲੇ ਰਹਿੰਦੇ ਹਨ, ਜਮ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ।੪।੪।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama from Sachkhand Sri Harimandir Sahib)

ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥ (ਅੰਗ ੬੯੬)

ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama from Sachkhand Sri Harimandir Sahib)

ਤਿਲੰਗ ਘਰੁ ੨ ਮਹਲਾ ੫ ॥ ਤੁਧੁ ਬਿਨੁ ਦੂਜਾ ਨਾਹੀ ਕੋਇ ॥ ਤੂ ਕਰਤਾਰੁ ਕਰਹਿ ਸੋ ਹੋਇ ॥ ਤੇਰਾ ਜੋਰੁ ਤੇਰੀ ਮਨਿ ਟੇਕ ॥ ਸਦਾ ਸਦਾ ਜਪਿ ਨਾਨਕ ਏਕ ॥੧॥ ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥ ਤੇਰੀ ਟੇਕ ਤੇਰਾ ਆਧਾਰੁ ॥ ਰਹਾਉ ॥ ਹੈ ਤੂਹੈ ਤੂ ਹੋਵਨਹਾਰ ॥ ਅਗਮ ਅਗਾਧਿ ਊਚ ਆਪਾਰ ॥ ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥ ਗੁਰ ਪਰਸਾਦਿ ਨਾਨਕ ਗੁਣ ਗਾਹਿ ॥੨॥ ਜੋ ਦੀਸੈ ਸੋ ਤੇਰਾ ਰੂਪੁ ॥ ਗੁਣ ਨਿਧਾਨ ਗੋਵਿੰਦ ਅਨੂਪ ॥ ਸਿਮਰਿ ਸਿਮਰਿ ਸਿਮਰਿ ਜਨ ਸੋਇ ॥ ਨਾਨਕ ਕਰਮਿ ਪਰਾਪਤਿ ਹੋਇ ॥੩॥ ਜਿਨਿ ਜਪਿਆ ਤਿਸ ਕਉ ਬਲਿਹਾਰ ॥ ਤਿਸ ਕੈ ਸੰਗਿ ਤਰੈ ਸੰਸਾਰ ॥ ਕਹੁ ਨਾਨਕ ਪ੍ਰਭ ਲੋਚਾ ਪੂਰਿ ॥ ਸੰਤ ਜਨਾ ਕੀ ਬਾਛਉ ਧੂਰਿ ॥੪॥੨॥ (ਅੰਗ ੭੨੩)

ਅਰਥ: ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਦੂਜਾ ਕੁਝ ਕਰ ਸਕਣ ਵਾਲਾ ਨਹੀਂ ਹੈ। ਤੂੰ ਸਾਰੇ ਜਗਤ ਦਾ ਪੈਦਾ ਕਰਨ ਵਾਲਾ ਹੈਂ, ਜੋ ਕੁਝ ਤੂੰ ਕਰਦਾ ਹੈਂ, ਉਹੀ ਹੁੰਦਾ ਹੈ, (ਅਸਾਂ ਜੀਵਾਂ ਨੂੰ) ਤੇਰਾ ਹੀ ਤਾਣ ਹੈ, (ਸਾਡੇ) ਮਨ ਵਿਚ ਤੇਰਾ ਹੀ ਸਹਾਰਾ ਹੈ। ਹੇ ਨਾਨਕ ਜੀ! ਸਦਾ ਹੀ ਉਸ ਇਕ ਪਰਮਾਤਮਾ ਦਾ ਨਾਮ ਜਪਦਾ ਰਹੁ ॥੧॥ ਹੇ ਭਾਈ! ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਸਭ ਜੀਵਾਂ ਦੇ ਸਿਰ ਉਤੇ ਰਾਖਾ ਹੈ। ਹੇ ਪ੍ਰਭੂ! (ਅਸਾਂ ਜੀਵਾਂ ਨੂੰ) ਤੇਰਾ ਹੀ ਆਸਰਾ ਹੈ, ਤੇਰਾ ਹੀ ਸਹਾਰਾ ਹੈ ॥ ਰਹਾਉ ॥ ਹੇ ਪ੍ਰਭੂ! ਹਰ ਥਾਂ ਹਰ ਵੇਲੇ ਤੂੰ ਹੀ ਤੂੰ ਹੈਂ, ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ, ਉਹਨਾਂ ਨੂੰ ਕੋਈ ਡਰ ਕੋਈ ਦੁੱਖ ਪੋਹ ਨਹੀਂ ਸਕਦਾ। ਹੇ ਨਾਨਕ ਜੀ! ਗੁਰੂ ਦੀ ਕਿਰਪਾ ਨਾਲ ਹੀ (ਮਨੁੱਖ ਪਰਮਾਤਮਾ ਦੇ) ਗੁਣ ਗਾ ਸਕਦੇ ਹਨ ॥੨॥ ਹੇ ਪ੍ਰਭੂ! (ਜਗਤ ਵਿਚ) ਜੋ ਕੁਝ ਦਿੱਸਦਾ ਹੈ ਤੇਰਾ ਹੀ ਸਰੂਪ ਹੈ, ਹੇ ਗੁਣਾਂ ਦੇ ਖ਼ਜ਼ਾਨੇ! ਹੇ ਸੋਹਣੇ ਗੋਬਿੰਦ! (ਇਹ ਜਗਤ ਤੇਰਾ ਹੀ ਰੂਪ ਹੈ) ਹੇ ਮਨੁੱਖ! ਸਦਾ ਉਸ ਪਰਮਾਤਮਾ ਦਾ ਸਿਮਰਨ ਕਰਦਾ ਰਹੁ। ਹੇ ਨਾਨਕ ਜੀ! (ਪਰਮਾਤਮਾ ਦਾ ਸਿਮਰਨ) ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲਦਾ ਹੈ ॥੩॥ ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ, ਉਸ ਤੋਂ ਕੁਰਬਾਨ ਹੋਣਾ ਚਾਹੀਦਾ ਹੈ। ਉਸ ਮਨੁੱਖ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਨਾਨਕ ਜੀ ਆਖਦੇ ਹਨ – ਹੇ ਪ੍ਰਭੂ! ਮੇਰੀ ਤਾਂਘ ਪੂਰੀ ਕਰੋ ਜੀ, ਮੈਂ (ਤੇਰੇ ਦਰ ਤੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ॥੪॥੨॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama from Sachkhand Sri Harimandir Sahib)

ਧਨਾਸਰੀ ਮਹਲਾ ੫ ਘਰੁ ੬ ਅਸਟਪਦੀ ੴ ਸਤਿਗੁਰ ਪ੍ਰਸਾਦਿ ॥ ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥ ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥ ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥ ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥ ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥ ਪੜੇ ਰੇ ਸਗਲ ਬੇਦ ਨਹ ਚੂਕੇ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥ ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥੩॥ ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ ॥ ਕਦਿ ਪਾਵਉ ਸਾਧਸੰਗੁ ਹਰਿ ਹਰਿ ਸਦਾ ਆਨੰਦੁ ਗਿਆਨ ਅੰਜਨਿ ਮੇਰਾ ਮਨੁ ਇਸਨਾਨੈ ॥੪॥ ਸਗਲ ਅਸ੍ਰਮ ਕੀਨੇ ਮਨੂਆ ਨਹ ਪਤੀਨੇ ਬਿਬੇਕਹੀਨ ਦੇਹੀ ਧੋਏ ॥ ਕੋਈ ਪਾਈਐ ਰੇ ਪੁਰਖੁ ਬਿਧਾਤਾ ਪਾਰਬ੍ਰਹਮ ਕੈ ਰੰਗਿ ਰਾਤਾ ਮੇਰੇ ਮਨ ਕੀ ਦੁਰਮਤਿ ਮਲੁ ਖੋਏ ॥੫॥ ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੈ ॥ ਜਿਸੁ ਭੇਟੀਐ ਸਫਲ ਮੂਰਤਿ ਕਰੈ ਸਦਾ ਕੀਰਤਿ ਗੁਰ ਪਰਸਾਦਿ ਕੋਊ ਨੇਤ੍ਰਹੁ ਪੇਖੈ ॥੬॥ ਮਨਹਠਿ ਜੋ ਕਮਾਵੈ ਤਿਲੁ ਨ ਲੇਖੈ ਪਾਵੈ ਬਗੁਲ ਜਿਉ ਧਿਆਨੁ ਲਾਵੈ ਮਾਇਆ ਰੇ ਧਾਰੀ ॥ ਕੋਈ ਐਸੋ ਰੇ ਸੁਖਹ ਦਾਈ ਪ੍ਰਭ ਕੀ ਕਥਾ ਸੁਨਾਈ ਤਿਸੁ ਭੇਟੇ ਗਤਿ ਹੋਇ ਹਮਾਰੀ ॥੭॥ ਸੁਪ੍ਰਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ ॥ ਸਦਾ ਸਦਾ ਆਨੰਦੁ ਭੇਟਿਓ ਨਿਰਭੈ ਗੋਬਿੰਦੁ ਸੁਖ ਨਾਨਕ ਲਾਧੇ ਹਰਿ ਚਰਨ ਪਰਾਤਾ ॥੮॥ ਸਫਲ ਸਫਲ ਭਈ ਸਫਲ ਜਾਤ੍ਰਾ ॥ ਆਵਣ ਜਾਣ ਰਹੇ ਮਿਲੇ ਸਾਧਾ ॥੧॥ ਰਹਾਉ ॥ ਦੂਜਾ ॥੧॥੩॥ (ਅੰਗ ੬੮੬)

ਅਰਥ: ਹੇ ਗੁਰੂ! ਜੇਹੜਾ ਜੇਹੜਾ ਜੀਵ (ਜਿਸ ਕਿਸੇ) ਜੂਨ ਵਿਚ ਆਇਆ ਹੈ, ਉਹ ਉਸ (ਜੂਨ) ਵਿਚ ਹੀ (ਮਾਇਆ ਦੇ ਮੋਹ ਵਿਚ) ਫਸ ਰਿਹਾ ਹੈ । ਮਨੁੱਖਾ ਜਨਮ (ਕਿਸੇ ਨੇ) ਕਿਸਮਤ ਨਾਲ ਪ੍ਰਾਪਤ ਕੀਤਾ ਹੈ । ਹੇ ਗੁਰੂ! ਮੈਂ ਤਾਂ ਤੇਰਾ ਆਸਰਾ ਤੱਕਿਆ ਹੈ । ਆਪਣੇ ਹੱਥ ਦੇ ਕੇ (ਮੈਨੂੰ ਮਾਇਆ ਦੇ ਮੋਹ ਤੋਂ) ਬਚਾ ਲੈ । ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ ।੧। ਹੇ ਸਤਿਗੁਰੂ! ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ । ਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸ ਦੇ ।੧।ਰਹਾਉ। ਹੇ ਭਾਈ! ਮੈਂ (ਨਿੱਤ) ਮਾਇਆ ਦੀ ਖ਼ਾਤਰ (ਹੀ) ਅਨੇਕਾਂ ਹੀਲੇ ਕਰਦਾ ਰਹਿੰਦਾ ਹਾਂ, ਮੈਂ (ਮਾਇਆ ਨੂੰ ਹੀ) ਉਚੇਚੇ ਤੌਰ ਤੇ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ, ਸਦਾ ‘ਮੇਰੀ ਮਾਇਆ, ਮੇਰੀ ਮਾਇਆ’ ਕਰਦਿਆਂ ਹੀ (ਮੇਰੀ ਉਮਰ ਬੀਤਦੀ) ਜਾ ਰਹੀ ਹੈ । (ਹੁਣ ਮੇਰਾ ਜੀ ਕਰਦਾ ਹੈ ਕਿ) ਮੈਨੂੰ ਕੋਈ ਅਜੇਹਾ ਸੰਤ ਮਿਲ ਪਏ, ਜੇਹੜਾ (ਮੇਰੇ ਅੰਦਰ ਮਾਇਆ ਵਾਲੀ) ਸਾਰੀ ਸੋਚ ਦੂਰ ਕਰ ਦੇਵੇ, ਤੇ, ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ ।੨। ਹੇ ਭਾਈ! ਸਾਰੇ ਵੇਦ ਪੜ੍ਹ ਵੇਖੇ ਹਨ, (ਇਹਨਾਂ ਦੇ ਪੜ੍ਹਨ ਨਾਲ ਪਰਮਾਤਮਾ ਨਾਲੋਂ) ਮਨ ਦੀ ਵਿੱਥ ਨਹੀਂ ਮੁੱਕਦੀ, (ਵੇਦ ਆਦਿਕਾਂ ਦੇ ਪੜ੍ਹਨ ਨਾਲ) ਗਿਆਨ-ਇੰਦ੍ਰੇ ਇਕ ਛਿਨ ਵਾਸਤੇ ਭੀ ਸ਼ਾਂਤ ਨਹੀਂ ਹੁੰਦੇ । ਹੇ ਭਾਈ! ਕੋਈ ਅਜੇਹਾ ਭਗਤ (ਮਿਲ ਪਏ) ਜੇਹੜਾ (ਆਪ) ਮਾਇਆ ਤੋਂ ਨਿਰਲੇਪ ਹੋਵੇ, (ਉਹੀ ਭਗਤ) ਮੇਰੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਸਕਦਾ ਹੈ ।੩। ਹੇ ਭਾਈ! ਜਿਤਨੇ ਭੀ ਤੀਰਥ ਹਨ ਜੇ ਉਹਨਾਂ ਉਤੇ ਇਸ਼ਨਾਨ ਕੀਤਾ ਜਾਏ; ਉਹ ਇਸ਼ਨਾਨ ਸਗੋਂ ਮਨ ਨੂੰ ਹਉਮੈ ਦੀ ਮੈਲ ਲਾ ਦੇਂਦੇ ਹਨ, (ਇਹਨਾਂ ਤੀਰਥ-ਇਸ਼ਨਾਨਾਂ ਨਾਲ) ਪਰਮਾਤਮਾ ਰਤਾ ਭਰ ਭੀ ਪ੍ਰਸੰਨ ਨਹੀਂ ਹੁੰਦਾ । (ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਕਦੇ ਸਾਧ ਸੰਗਤਿ ਪ੍ਰਾਪਤ ਕਰ ਸਕਾਂ, (ਸਾਧ ਸੰਗਤਿ ਦੀ ਬਰਕਤਿ ਨਾਲ ਮਨ ਵਿਚ) ਸਦਾ ਆਤਮਕ ਆਨੰਦ ਬਣਿਆ ਰਹੇ, ਤੇ, ਮੇਰਾ ਮਨ ਗਿਆਨ ਦੇ ਸੁਰਮੇ ਨਾਲ (ਆਪਣੇ ਆਪ ਨੂੰ) ਪਵਿਤ੍ਰ ਕਰ ਲਏ ।੪। ਹੇ ਭਾਈ! ਸਾਰੇ ਹੀ ਆਸ੍ਰਮਾਂ ਦੇ ਧਰਮ ਕਮਾਇਆਂ ਭੀ ਮਨ ਨਹੀਂ ਪਤੀਜਦਾ । ਵਿਚਾਰ-ਹੀਨ ਮਨੁੱਖ ਸਿਰਫ਼ ਸਰੀਰ ਨੂੰ ਹੀ ਸਾਫ਼-ਸੁਥਰਾ ਕਰਦੇ ਰਹਿੰਦੇ ਹਨ । ਹੇ ਭਾਈ! (ਮੇਰੀ ਇਹ ਲਾਲਸਾ ਹੈ ਕਿ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ, ਪਰਮਾਤਮਾ ਦਾ ਰੂਪ ਕੋਈ ਮਹਾ ਪੁਰਖ ਲੱਭ ਪਏ, ਤੇ, ਉਹ ਮੇਰੇ ਮਨ ਦੀ ਭੈੜੀ ਮਤਿ ਦੀ ਮੈਲ ਦੂਰ ਕਰ ਦੇਵੇ ।੫। ਹੇ ਭਾਈ! ਜੇਹੜਾ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮਾਂ ਵਿਚ ਹੀ ਰੁੱਝਾ ਰਹਿੰਦਾ ਹੈ, ਰਤਾ-ਭਰ ਸਮੇ ਲਈ ਭੀ ਪਰਮਾਤਮਾ ਨਾਲ ਪਿਆਰ ਨਹੀਂ ਕਰਦਾ, (ਉਹ ਇਹਨਾਂ ਕੀਤੇ ਕਰਮਾਂ ਦੇ ਆਸਰੇ) ਮੁੜ ਮੁੜ ਅਹੰਕਾਰ ਵਿਚ ਟਿਕਿਆ ਰਹਿੰਦਾ ਹੈ, (ਇਹਨਾਂ ਕੀਤੇ ਧਾਰਮਿਕ ਕਰਮਾਂ ਵਿਚੋਂ ਕੋਈ ਭੀ ਕਰਮ) ਕਿਸੇ ਕੰਮ ਨਹੀਂ ਆਉਂਦਾ । ਹੇ ਭਾਈ! ਜਿਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾਂ ਵਾਲਾ ਮਨੁੱਖ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲੈਂਦਾ ਹੈ ।੬। ਹੇ ਭਾਈ! ਜੇਹੜਾ ਮਨੁੱਖ ਮਨ ਦੇ ਹਠ ਨਾਲ (ਤਪ ਆਦਿਕ ਘਾਲ) ਕਰਦਾ ਹੈ, (ਪਰਮਾਤਮਾ ਉਸਦੀ ਇਸ ਮੇਹਨਤ ਨੂੰ) ਰਤਾ ਭਰ ਭੀ ਪਰਵਾਨ ਨਹੀਂ ਕਰਦਾ (ਕਿਉਂਕਿ) ਹੇ ਭਾਈ! ਉਹ ਮਨੁੱਖ ਤਾਂ ਬਗੁਲੇ ਵਾਂਗ ਹੀ ਸਮਾਧੀ ਲਾ ਰਿਹਾ ਹੁੰਦਾ ਹੈ; ਆਪਣੇ ਮਨ ਵਿਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ । ਹੇ ਭਾਈ! ਜੇ ਕੋਈ ਅਜੇਹਾ ਆਤਮਕ ਆਨੰਦ-ਦਾਤਾ ਮਿਲ ਪਏ, ਜੇਹੜਾ ਸਾਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਏ, ਤਾਂ ਉਸ ਨੂੰ ਮਿਲ ਕੇ ਸਾਡੀ ਆਤਮਕ ਅਵਸਥਾ ਉੱਚੀ ਹੋ ਸਕਦੀ ਹੈ ।੭। ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ-ਪਾਤਿਸ਼ਾਹ ਦਇਆਲ ਹੁੰਦਾ ਹੈ, (ਗੁਰੂ ਉਸ ਦੇ) ਮਾਇਆ ਦੇ ਬੰਧਨ ਕੱਟ ਦੇਂਦਾ ਹੈ । ਹੇ ਭਾਈ! ਮੇਰਾ ਮਨ (ਭੀ) ਗੁਰੂ ਦੇ ਸ਼ਬਦ ਵਿਚ (ਹੀ) ਮਗਨ ਰਹਿੰਦਾ ਹੈ । ਨਾਨਕ ਜੀ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਹੈ, ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿ ਕੇ ਉਹ ਮਨੁੱਖ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ।੮। (ਹੇ ਭਾਈ! ਗੁਰੂ ਦੇ ਦਰ ਤੇ ਪਿਆਂ) ਮਨੁੱਖਾ ਜੀਵਨ ਵਾਲਾ ਸਫ਼ਰ ਕਾਮਯਾਬ ਹੋ ਜਾਂਦਾ ਹੈ । ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ।੧। ਰਹਾਉ । ਦੂਜਾ ।੧।੩।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama from Sachkhand Sri Harimandir Sahib)

ਸੋਰਠਿ ਮਹਲਾ ੫ ॥ ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥ ਹਰਿ ਕੇ ਚਰਨ ਸਦਾ ਸੁਖਦਾਈ ॥ ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥ ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥ ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥ ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥ (ਅੰਗ ੬੨੮)

ਵਿਆਖਿਆ:- (ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥ ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ। (ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥ ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ। ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥ ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ। (ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥ (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ। ਨਾਨਕ ਜੀ ਆਖਦੇ ਹਨ – ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama from Sachkhand Sri Harimandir Sahib)

ਸੋਰਠਿ ਮਹਲਾ ੩ ਘਰੁ ੧ ਤਿਤੁਕੀ ੴ ਸਤਿਗੁਰ ਪ੍ਰਸਾਦਿ ॥ ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥ ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥ ਹਰਿ ਜੀ ਏਹ ਤੇਰੀ ਵਡਿਆਈ ॥ ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥ ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥ ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥ ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ (ਅੰਗ ੬੩੭)

ਅਰਥ : ਰਾਗ ਸੋਰਠਿ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਤਿਨ-ਤੁਕੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਹਰੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ। ਹੇ ਹਰੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਦੀ ਤੂੰ ਇੱਜ਼ਤ ਰੱਖੀ ਹੈ, ਤੂੰ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ। ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਨਿਸ਼ਚਾ ਹੁੰਦਾ ਹੈ (ਕਿ ਤੂੰ ਭਗਤਾਂ ਦੀ ਇੱਜ਼ਤ ਬਚਾਂਦਾ ਹੈਂ, ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।੧। ਹੇ ਹਰੀ! ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ। ਹੇ ਹਰੀ! (ਭਗਤਾਂ ਦੀ ਇੱਜ਼ਤ) ਤੇਰੀ ਹੀ ਇੱਜ਼ਤ ਹੈ।ਰਹਾਉ। ਹੇ ਭਾਈ! ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ (ਕਿਉਂਕਿ ਮੌਤ ਦੇ ਡਰ ਦੇ ਥਾਂ) ਸਿਰਫ਼ ਪਰਮਾਤਮਾ ਦਾ ਨਾਮ (ਉਹਨਾਂ ਦੇ) ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ। ਭਗਤ ਗੁਰੂ ਦੀ ਰਾਹੀਂ (ਗੁਰੂ ਦੀ ਸ਼ਰਨ ਪੈ ਕੇ) ਆਤਮਕ ਅਡੋਲਤਾ ਵਿਚ ਪ੍ਰਭੂ-ਪਿਆਰ ਵਿਚ (ਟਿਕੇ ਰਹਿੰਦੇ ਹਨ, ਇਸ ਵਾਸਤੇ) ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਚਰਨੀਂ ਲੱਗੀਆਂ ਰਹਿੰਦੀਆਂ ਹਨ।੨।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama from Sachkhand Sri Harimandir Sahib)

ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥ ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥ ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥ ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥ ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥ (ਅੰਗ ੬੭੨)

ਅਰਥ: (ਹੇ ਭਾਈ! ਦੁਨੀਆ ਵਿਚ) ਵੱਡੇ ਵੱਡੇ ਰਾਜੇ ਹਨ, ਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂ) ਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ। ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨ, ਮਾਇਆ ਨਾਲ ਚੰਬੜੇ ਰਹਿੰਦੇ ਹਨ। (ਮਾਇਆ ਤੋਂ ਬਿਨਾ) ਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ ॥੧॥ ਹੇ ਭਾਈ! ਮਾਇਆ (ਦੇ ਮੋਹ) ਵਿਚ (ਫਸੇ ਰਹਿ ਕੇ) ਕਿਸੇ ਮਨੁੱਖ ਨੇ (ਮਾਇਆ ਵਲੋਂ) ਰੱਜ ਪ੍ਰਾਪਤ ਨਹੀਂ ਕੀਤਾ। ਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ, ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ ॥ ਰਹਾਉ ॥ ਹੇ ਭਾਈ! ਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈ, ਉਸ ਦੀ (ਸੁਆਦਲੇ ਖਾਣਿਆਂ ਦੀ) ਭੁੱਖ ਕਦੇ ਨਹੀਂ ਮੁੱਕਦੀ। (ਸੁਆਦਲੇ ਖਾਣਿਆਂ ਦੀ ਖ਼ਾਤਰ) ਉਹ ਮਨੁੱਖ ਕੁੱਤੇ ਵਾਂਗ ਦੌੜ-ਭੱਜ ਕਰਦਾ ਰਹਿੰਦਾ ਹੈ, ਚਾਰੇ ਪਾਸੇ ਭਾਲਦਾ ਫਿਰਦਾ ਹੈ ॥੨॥ ਹੇ ਭਾਈ! ਕਾਮ-ਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣ, ਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ। ਉਹ ਹਰ ਰੋਜ਼ (ਵਿਸ਼ੇ-ਪਾਪ) ਕਰਦਾ ਹੈ, ਤੇ, ਪਛੁਤਾਂਦਾ (ਭੀ) ਹੈ। ਸੋ, ਇਸ ਕਾਮ-ਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ ॥੩॥ ਹੇ ਭਾਈ! ਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ। (ਇਸ ਨਾਮ-ਖ਼ਜ਼ਾਨੇ ਦੀ ਬਰਕਤਿ ਨਾਲ) ਸੰਤ ਜਨਾਂ ਦੇ ਹਿਰਦੇ-ਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਸੁਖ ਆਨੰਦ ਬਣਿਆ ਰਹਿੰਦਾ ਹੈ। ਪਰ, ਹੇ ਨਾਨਕ ਜੀ! ਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣ-ਪਛਾਣ ਪ੍ਰਾਪਤ ਹੁੰਦੀ ਹੈ ॥੪॥੬॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama from Sachkhand Sri Harimandir Sahib)

ਸੂਹੀ ਮਹਲਾ ੪ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮੁ ਧਰ ਸੋਈ ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥ ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥ ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥ ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥ ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥ ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥ (ਅੰਗ ੭੩੫)

ਅਰਥ: ਰਾਗ ਸੂਹੀ, ਘਰ ੭ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ? ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਮਾਲਕ ਹੈਂ। ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ॥੧॥ ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ ॥੧॥ ਰਹਾਉ॥ ਹੇ ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ। ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ॥੨॥ ਹੇ ਮੇਰੇ ਮਨ! ਵੇਖ, (ਪਾਣੀ ਦੇ) ਵਿਚ ਹੀ ਧਰਤੀ ਹੈ, (ਧਰਤੀ ਦੇ) ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ, (ਮਾਲਕ-ਪ੍ਰਭੂ ਨੇ, ਮਾਨੋ) ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ। ਹੇ ਮਨ! (ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ) ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ ॥੩॥ ਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵੱਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ। ਹੇ ਨਾਨਕ! ਜਿਵੇਂ ਧਰਤੀ (ਮਨੁੱਖ ਦੇ) ਪੈਰਾਂ ਹੇਠੋਂ (ਮੌਤ ਆਉਣ ਤੇ ਉਸ ਦੇ) ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ ॥੪॥੧॥੧੨॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama from Sachkhand Sri Harimandir Sahib)

ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥ (ਅੰਗ ੭੦੮)

ਅਰਥ: ਹੇ ਨਾਨਕ ਜੀ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ। ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥ ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ ? ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ ਜੀ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ, ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ ? ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ। ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ। ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama from Sachkhand Sri Harimandir Sahib)

ਸੋਰਠਿ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥ ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥੧॥ ਸੰਤਹੁ ਘਟਿ ਘਟਿ ਰਹਿਆ ਸਮਾਹਿਓ ॥ ਪੂਰਨ ਪੂਰਿ ਰਹਿਓ ਸਰਬ ਮਹਿ ਜਲਿ ਥਲਿ ਰਮਈਆ ਆਹਿਓ ॥੧॥ ਰਹਾਉ ॥ ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥੨॥੧॥੨੯॥ (ਅੰਗ ੬੧੭)

ਅਰਥ: ਰਾਗ ਸੋਰਠਿ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜਿਵੇਂ ਸਭ ਬੂਟਿਆਂ ਵਿਚ ਅੱਗ (ਗੁਪਤ ਮੌਜੂਦ) ਹੈ, ਜਿਵੇਂ ਹਰੇਕ ਕਿਸਮ ਦੇ ਦੁੱਧ ਵਿਚ ਘਿਉ (ਮੱਖਣ) ਗੁਪਤ ਮੌਜੂਦ ਹੈ, ਤਿਵੇਂ ਚੰਗੇ ਮੰਦੇ ਸਭ ਜੀਵਾਂ ਵਿਚ ਪ੍ਰਭੂ ਦੀ ਜੋਤਿ ਸਮਾਈ ਹੋਈ ਹੈ, ਪਰਮਾਤਮਾ ਹਰੇਕ ਸਰੀਰ ਵਿਚ ਹੈ, ਸਭ ਜੀਵਾਂ ਵਿਚ ਹੈ।੧। ਹੇ ਸੰਤ ਜਨੋ! ਪਰਮਾਤਮਾ ਹਰੇਕ ਸਰੀਰ ਵਿਚ ਮੌਜੂਦ ਹੈ। ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿਚ ਵਿਆਪਕ ਹੈ, ਉਹ ਸੋਹਣਾ ਰਾਮ ਪਾਣੀ ਵਿਚ ਹੈ ਧਰਤੀ ਵਿਚ ਹੈ।੧।ਰਹਾਉ। ਹੇ ਭਾਈ! ਨਾਨਕ (ਉਸ) ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦਾ ਹੈ। ਗੁਰੂ ਨੇ (ਨਾਨਕ ਦਾ) ਭੁਲੇਖਾ ਦੂਰ ਕਰ ਦਿੱਤਾ ਹੈ। (ਤਾਂਹੀਏਂ ਨਾਨਕ ਨੂੰ ਯਕੀਨ ਹੈ ਕਿ) ਪਰਮਾਤਮਾ ਸਭ ਜੀਵਾਂ ਵਿਚ ਵੱਸਦਾ ਹੈ (ਫਿਰ ਭੀ) ਸਦਾ (ਮਾਇਆ ਦੇ ਮੋਹ ਤੋਂ) ਨਿਰਲੇਪ ਹੈ, ਸਭ ਜੀਵਾਂ ਵਿਚ ਸਮਾ ਰਿਹਾ ਹੈ ॥੨॥੧॥੨੯॥