ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (Hukamnama From Sachkhand Sri Harimandir Sahib)

ਸੋਰਠਿ ਮਹਲਾ ੫ ॥ ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥ (ਅੰਗ ੬੦੯)

ਅਰਥ: ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ। ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ।੧। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ।ਰਹਾਉ। ਹੇ ਭਾਈ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ, ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ) ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ।੨।

0 Comment

Leave a Reply

Your email address will not be published. Required fields are marked *