ਔਖੀ ਜੀਵਨ ਖੇਡ
ਅਚਲ-ਵਟਾਲੇ ਜੋਗੀਆਂ ਨਾਲ ਗੁਰੂ ਨਾਨਕ ਪਾਤਿਸ਼ਾਹ ਦੀ ਤਕੜੀ ਬਹਿਸ ਹੋਈ ਸੀ। ਜੋਗੀ ਪਰਮਾਤਮਾ ਦੀ ਪ੍ਰਾਪਤੀ ਲਈ ਗ੍ਰਿਹਸਤ-ਜੀਵਨ ਨੂੰ ਛੱਡ ਕੇ ਜੰਗਲਾਂ ’ਚ ਰਹਿਣ ਨੂੰ ਜ਼ਰੂਰੀ ਦੱਸਦੇ ਸਨ ਪਰ ਸਤਿਗੁਰੂ ਜੀ ਆਖਦੇ ਸਨ ਕਿ ਗ੍ਰਿਹਸਤ ਵਿੱਚ ਰਹਿ ਕੇ ਹੀ ਖ਼ੁਦ-ਗ਼ਰਜ਼ੀ ਛੱਡ ਕੇ ਦੂਜਿਆਂ ਲਈ ਜਿਊਣਾ ਸਹੀ ਰਸਤਾ ਹੈ। ਜੋਗੀ ਇਸ ਗੱਲ ‘ਤੇ ਫ਼ਖ਼ਰ ਕਰਦੇ ਸਨ ਕਿ ਅਸੀਂ ਗ੍ਰਹਿਸਤ ਜੀਵਨ ਦੇ ਕੰਮਾਂ-ਕਾਰਾਂ ਤੋਂ ਨਿਰਾਲੇ ਹੋ ਕੇ ਜੰਗਲਾਂ ’ਚ ਆਪਣਾ ਜੀਵਨ ਬਤੀਤ ਕਰਦੇ ਹਾਂ। ਗਾਜਰ-ਮੂਲੀ ਆਦਿ ਖਾ ਕੇ ਆਪਣਾ ਪੇਟ ਭਰਦੇ ਹਾਂ ਅਤੇ ਤੀਰਥਾਂ ‘ਤੇ ਇਸ਼ਨਾਨ ਕਰ ਕੇ ਆਤਮਕ ਆਨੰਦ ਲੈਂਦੇ ਹਾਂ। ਇਸ ਬਾਰੇ ਗੁਰੂ ਨਾਨਕ ਪਾਤਿਸ਼ਾਹ ਨੇ ਉਹਨਾਂ ਜੋਗੀਆਂ ਨੂੰ ਸਮਝਾਇਆ ਸੀ ਕਿ ਘਰੇਲੂ ਜੀਵਨ ਵਿੱਚ ਰਹਿੰਦਿਆਂ ਹੀ ਮਾਇਆ ਦੇ ਲਾਲਚ ਦੀ ਨੀਂਦ ਤੋਂ ਬਚਣਾ ਸਹੀ ਰਸਤਾ ਹੈ। ਗ੍ਰਿਹਸਤੀ ਹੁੰਦਿਆਂ ਹੀ ਪਰਾਏ ਘਰ ਵੱਲ ਚਿੱਤ ਡੋਲਣ ਨਹੀਂ ਦੇਣਾ, ਭੁੱਖ ਤੇ ਨੀਂਦ ਨੂੰ ਸਦਾ ਮਰਯਾਦਾ ਵਿੱਚ ਰੱਖਣਾ ਹੈ। ਪਰ ਇਹ ਖੇਡ ਹੈ ਬੜੀ ਹੀ ਔਖੀ ਕਿਉਂਕਿ ਤ੍ਰਿਸ਼ਨਾ ਬੜੀ ਬੁਰੀ ਬਲਾ ਹੈ। ‘ਜਿਸ ਦਾ ਆਪਣਾ ਨਾ ਭਰੇ, ਉਹ ਕਿਸੇ ਅੱਗੇ ਕੀ ਧਰੇ ?’ ਮਨ ਮੁੜ-ਮੁੜ ਇਹੀ ਸੋਚਦਾ ਹੈ, ਹੋਰ ਜੋੜ ਲਵਾਂ, ਹੋਰ ਇਕੱਠੀ ਕਰ ਲਵਾਂ ਅਤੇ ਇਸ ਤਰ੍ਹਾਂ ਸਹਿਜੇ-ਸਹਿਜੇ ਮਨੁੱਖ ਬੜਾ ਖ਼ੁਦ-ਗ਼ਰਜ਼ ਬਣ ਕੇ ਦੂਜਿਆਂ ਦਾ ਲਹੂ ਚੂਸਣ ਦਾ ਆਦੀ ਬਣ ਜਾਂਦਾ ਹੈ।
ਇਸ ਔਖੀ ਬਾਜ਼ੀ ਨੂੰ ਜਿੱਤਣ ਦਾ ਤਰੀਕਾ ਹੈ – ਨਾਮ ਵਿੱਚ ਟਿਕੋ
ਗੁਰੂ ਨਾਨਕ ਦੇਵ ਜੀ ਨੇ ਜੋਗੀਆਂ ਨੂੰ ਆਖਿਆ ਸੀ ਕਿ ਮਾਇਆ ਦੀ ਭੁੱਖ ਓਦੋਂ ਹੀ ਦੂਰ ਹੋ ਸਕਦੀ ਹੈ ਜਦੋਂ ਮਨ ਦੀ ਦੌੜ-ਭੱਜ ਖ਼ਤਮ ਹੋਵੇ ਅਤੇ ਮਨ ਟਿਕਦਾ ਹੈ ਪ੍ਰਮਾਤਮਾ ਦੇ ਨਾਮ-ਸਿਮਰਨ ਨਾਲ। ਜਿਸ ਦਾ ਨਾਮ ਵਾਰ-ਵਾਰ ਲੈਂਦੇ ਰਹੀਏ, ਜਿਸ ਨੂੰ ਮੁੜ-ਮੁੜ ਯਾਦ ਕਰਦੇ ਰਹੀਏ, ਉਸ ਨਾਲ ਪਿਆਰ ਬਣਦਾ ਜਾਂਦਾ ਹੈ। ਫਿਰ ਜਿਸ ਨਾਲ ਪਿਆਰ ਪੈ ਜਾਂਦਾ ਹੈ, ਉਸ ਨੂੰ ਯਾਦ ਕਰਨ ਤੋਂ ਬਿਨਾ ਇਨਸਾਨ ਰਹਿ ਨਹੀਂ ਸਕਦਾ। ‘ਯਾਦ ਤੇ ਪਿਆਰ, ਪਿਆਰ ਤੇ ਯਾਦ’ ਇਕ-ਦੂਜੇ ਦੀ ਮਦਦ ਕਰਦੇ ਹਨ।