ਹੋਲਾ ਮਹੱਲਾ ਦੀ ਸ਼ੁਰੂਆਤ ਕਦੋਂ ਹੋਈ ਸੀ ?

ਹੋਲਾ ਮੁਹੱਲਾ ਪੁਰਬ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਸਾਹਿਬ ਦੇ ਕਿਲ੍ਹੇ ਵਿਚ, ਚੇਤ ਵਦੀ ਏਕਤ ਸੰਮਤ 1757 ਨੂੰ ਬੰਨ੍ਆ। ਇਤਿਹਾਸਕਾਰਾਂ ਅਤੇ ਵਿਦਵਾਨਾਂ ਅਨੁਸਾਰ ਹੋਲੀ ਨੂੰ ਇੱਕ ਨਵੀਂ ਉਪਮਾ ਹੋਲਾ ਮੁਹੱਲਾ ਦੇਣ ਦਾ ਮਨੋਰਥ ਸਿੱਖ ਨੂੰ ਅਨਿਆਂ, ਜੁਲਮ ਉੱਤੇ ਸੱਚ ਅਤੇ ਨਿਆਂ ਦੀ ਜਿੱਤ ਦਾ ਸੰਕਲਪ ਦ੍ਰਿੜ ਕਰਵਾਉਣਾ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਮੁਰਦਾ ਹੋ ਚੁੱਕੀ ਭਾਰਤੀ ਖਲਕਤ ਨੂੰ ਉਸ ਵੇਲੇ ਦੇ ਜਾਬਰ ਤੇ ਜਾਲਮ ਹਾਕਮਾਂ ਖਿਲਾਫ ਸੰਘਰਸ਼ ਕਰਨ ਤੇ ਕੌਮ ‘ਚ ਜੋਸ਼ ਪੈਦਾ ਕਰਨ ਲਈ ਪੁਰਾਤਨ ਹੋਲੀ ਦੇ ਤਿਉਹਾਰ ਨੂੰ ਨਵਾਂ ਰੂਪ ਦੇ ਕੇ 1701 ਈ: ‘ਚ ਹੋਲੇ ਮਹੱਲੇ ਦੀ ਪ੍ਰੰਪਰਾ ਆਰੰਭ ਕੀਤੀ ਗਈ ਸੀ।
ਉਨ੍ਹਾਂ ਵੱਲੋਂ ਖਾਲਸਾਈ ਫੌਜਾਂ ਦੇ ਦੋ ਮਨਸੂਈ ਦਲਾਂ ‘ਚ ਸਾਸ਼ਤਰ ਵਿਦਿਆ ਦੇ ਜੰਗੀ ਮੁਕਾਬਲੇ ਕਰਵਾਏ ਜਾਂਦੇ ਸਨ ਤੇ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ। ਅੱਜ ਵੀ ਉਸੇ ਰਵਾਇਤ ਅਨੁਸਾਰ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ।
ਭਾਰਤ ਵਾਸੀਆਂ ਨੇ ਪ੍ਰਾਚੀਨ ਕਾਲ ਤੋਂ ਹਰੇਕ ਰੁੱਤ ਦੇ ਬਦਲਣ ‘ਤੇ ਆਪਣੇ ਦਿਲੀ ਭਾਵਾਂ ਦਾ ਪ੍ਰਗਟਾਵਾ ਕਰਨ ਲਈ ਤਿਉਹਾਰ ਨੀਯਤ ਕੀਤੇ ਹੋਏ ਹਨ। ਗੁਰੂ ਸਾਹਿਬਾਨ ਇਨ੍ਹਾਂ ਪ੍ਰੰਪਰਾਗਤ ਤਿਉਹਾਰਾਂ ਵਿੱਚ ਨਰੋਆ ਅਤੇ ਰਹੱਸਮਈ ਪਰਿਵਰਤਨ ਲਿਆਉਣਾ ਚਾਹੁੰਦੇ ਸਨ।
ਇਸ ਲਈ ਸਤਿਗੁਰਾਂ ਨੇ ਜਿਹੜਾ ਗੁਰਮਤਿ ਸੱਭਿਆਚਾਰ ਸਿਰਜਿਆ ਉਸ ਵਿੱਚ ਪ੍ਰਚਲਿਤ ਭਾਰਤੀ ਤਿਉਹਾਰਾਂ ਨੂੰ ਪਰਮਾਰਥ ਦੇ ਅਰਥਾਂ ਵਿੱਚ ਬਦਲ ਕੇ ਰੂਪਮਾਨ ਕੀਤਾ ਤਾਂ ਕਿ ਇਨ੍ਹਾਂ ਤੋਂ ਸਮਾਜ ਨੂੰ ਕੋਈ ਉਸਾਰੂ ਸੇਧ ਪ੍ਰਦਾਨ ਕੀਤੀ ਜਾ ਸਕੇ। ਖ਼ਾਲਸੇ ਵਲੋਂ ਹੋਲਾ ਤਲਵਾਰਾਂ, ਬਰਛਿਆਂ ਅਤੇ ਨੇਜ਼ਿਆਂ ਨਾਲ ਖੇਡਿਆ ਜਾਂਦਾ ਹੈ। ਹੋਲੀ ਦਾ ਇਹ ਬਦਲ ਹੋਲੇ-ਮਹੱਲੇ ਦੇ ਰੂਪ ਵਿੱਚ ਨਵ-ਸੰਕਲਪ ਵਜੋਂ ਸੀ।
ਇਸ ਤਰ੍ਹਾਂ ਹੋਲਾ ਮਹੱਲਾ ਆਨੰਦਪੁਰ ਸਾਹਿਬ ਦਾ ਮਸ਼ਹੂਰ ਮੇਲਾ ਹੈ।ਇਸ ਵਿੱਚ ਲੋਕ ਕਈ ਥਾਵਾਂ ਤੋਂ ਆਉਂਦੇ ਹਨ| ਹੋਲਾ ਮਹੱਲਾ ਮਨੁੱਖ ਦੀ ਆਜਾਦੀ ਬਹਾਦਰੀ ਤੇ ਦਾਨਸ਼ਸੰਦੀ ਦਾ ਪ੍ਰਤੀਕ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਨੂੰ ਸਿੰਘ ਖਾਲਸਾ ਬਣਾ ਦਿੱਤਾ।
ਉਨ੍ਹਾਂ ਨੇ ਵਹਿਮਾ ਭਰਮਾਂ ਨੂੰ ਖਤਮ ਕਰਕੇ ਇੱਕ ਸ਼ਕਤੀਸ਼ਾਲੀ ਕੌਮ ਦੀ ਸਿਰਜਣਾ ਕੀਤੀ। ਗੁਰੂ ਜੀ ਨੇ ਸਮਾਜ ਵਿੱਚੋਂ ਊਚ-ਨੀਚ, ਭਿੰਨ-ਭੇਦ ਮੁਕਾ ਕੇ ਹੀ ਖੁਸ਼ੀ ਵਜੋਂ ਹੋਲਾ ਮਹੱਲਾ ਸਨਾਉਣ ਆਰੰਭਿਆ। ਜਦੋਂ ਹੋਲੇ ਮਹੱਲੇ ਦਾ ਜਲੂਸ ਕਢਿਆ ਜਾਂਦਾ ਹੈ ਤਾਂ ਉਸਦੇ ਅੱਗੇ-ਅੱਗੇ ਯੁੱਧ ਕਲਾ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਮੰਗ ਅਨੁਸਾਰ ਮਨੁੱਖਤਾ ਦਾ ਮਨੋਬਲ ਉੱਚਿਆਂ ਚੁੱਕਣ ਦੇ ਨਾਲ-ਨਾਲ ਸਰੀਰਕ ਤੌਰ ‘ਤੇ ਬਲਵਾਨ ਕਰਨ ਦੇ ਨਵੇਂ ਸਾਧਨ ਅਪਣਾਏ ਭਗਤੀ-ਸ਼ਕਤੀ ਦੇ ਆਦਰਸ਼ਕ ਸੁਮੇਲ ਲਈ ਸ਼ਸਤਰਾਂ ਦੇ ਸਤਿਕਾਰ ਅਤੇ ਸਹੀ ਪ੍ਰਯੋਗ ਉੱਪਰ ਬਲ ਦਿੱਤਾ। ਇਸੇ ਪਰਿਵਰਤਨ ਤਹਿਤ ਖ਼ਾਲਸਾ ਪੰਥ ਵਿੱਚ ਹੋਲਾ ਮਹੱਲਾ ਪੁਰਬ ਦਾ ਮੰਤਵ ਅਤੇ ਉਦੇਸ਼ ਬੜੇ ਉਸਾਰੂ ਅਤੇ ਸਾਰਥਕ ਰੂਪ ਵਿੱਚ ਪ੍ਰਗਟ ਕੀਤਾ।